Punjab

ਖੇਤੀ ਆਰਡੀਨੈਂਸ ਮਾਮਲਾ : ਕਿਸਾਨਾਂ ਨੇ ਆਪਣੇ ਪੁੱਤਾਂ ਵਰਗੇ ਟਰੈਕਟਰ ਨੂੰ ਅੱਗ ਲਾ ਕੇ ਕੇਂਦਰ ਸਰਕਾਰ ਖਿਲਾਫ਼ ਕੱਢਿਆ ਗੁੱਸਾ

‘ਦ ਖ਼ਾਲਸ ਬਿਊਰੋ (ਬਰਨਾਲਾ) :- ਅੱਜ ਪੂਰੇ ਪੰਜਾਬ ਵਿੱਚ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਬਿੱਲਾਂ ਦੇ ਖਿਲਾਫ ਕਿਸਾਨਾਂ, ਸਿਆਸੀ ਆਗੂਆਂ ਅਤੇ ਪੰਜਾਬੀ ਕਲਾਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।  ਇਸ ਦੌਰਾਨ ਅਕਾਲੀ ਦਲ ਦੀ ਬਰਨਾਲਾ ਇਕਾਈ ਵੱਲੋਂ ਵੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪ੍ਰਦਰਸ਼ਨ ਦੌਰਾਨ ਅਕਾਲੀ ਦਲ ਵਰਕਰਾਂ ਅਤੇ ਕਿਸਾਨਾਂ ਨੇ ਟਰੈਕਟਰ ਨੂੰ ਅੱਗ ਲਗਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਹੈ। ਅਕਾਲੀ ਦਲ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨ ਪਰਿਵਾਰਾਂ ਤੋਂ ਹਾਂ,  ਜਦੋਂ ਕਿਸਾਨ ਹੀ ਨਹੀਂ ਬਚਿਆ ਤਾਂ ਟਰੈਕਟਰ ਸਾਡੇ ਕਿਸ ਕੰਮ ਦੇ ਹਨ।  ਉੱਥੇ ਹੀ ਅਕਾਲੀ ਦਲ ਵਰਕਰਾਂ ਵੱਲੋਂ ਬਰਨਾਲਾ, ਸੰਗਰੂਰ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੂੰ ਸੂਬੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖੇਤੀ ਬਿੱਲਾਂ ਦੇ ਵਿਰੋਧ ‘ਚ ਜਿੱਥੇ ਪੰਜਾਬ ਦੇ ਲੋਕ, ਸਿਆਸੀ ਆਗੂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਪੰਜਾਬੀ ਗਾਇਕ ਵੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ।