Punjab

ਕਿਸਾਨ ਜਥੇਬੰਦੀ ਨੇ ਜੰਡਿਆਲਾ ਰੇਲਵੇ ਟਰੈਕ ਤੋਂ ਧਰਨਾ ਚੁੱਕਣ ਤੋਂ ਕੀਤਾ ਇਨਕਾਰ

‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ:- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਧਰਨੇ ‘ਤੇ ਬੈਠਿਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਤੱਕ ਰੇਲਵੇ ਟਰੈਕ ‘ਤੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਸੀ, ਪਰ ਜੰਡਿਆਲਾ ਵਿੱਚ ਬੈਠੇ ਕਿਸਾਨਾਂ ਨੇ ਧਰਨਾ ਖ਼ਤਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ 21 ਨਵੰਬਰ ਤੱਕ ਧਰਨਾ ਜਾਰੀ ਰਹੇਗਾ।

ਤਕਰੀਬਨ 44 ਦਿਨਾਂ ਤੋਂ ਕਿਸਾਨ ਜੰਡਿਆਲਾ ਦੇ ਰੇਲਵੇ ਟਰੈਕਟ ‘ਤੇ ਬੈਠੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਧਰਨਾ ਨਹੀਂ ਚੁੱਕਣਗੇ। 4 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਸੀ ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਲਿਆ ਸੀ 20 ਨਵੰਬਰ ਤੱਕ ਮਾਲ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ, ਜਦਕਿ ਯਾਤਰੀ ਗੱਡੀਆਂ ਨੂੰ ਨਾ ਚੱਲਣ ਦੇਣ ਦਾ ਫ਼ੈਸਲਾ ਲਿਆ ਗਿਆ ਸੀ। ਕਿਸਾਨਾਂ ਜਥੇਬੰਦੀਆਂ ਨੇ ਕਿਹਾ ਸੀ ਕਿ ਉਹ ਰੇਲਵੇ ਸਟੇਸ਼ਨਾਂ ਦੇ ਬਾਹਰ ਬਣੇ ਪਾਰਕਾਂ ਵਿੱਚ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।

ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਲ ਬੀਜੇਪੀ ਤੇ ਕਾਂਗਰਸ ਦੇ ਆਗੂਆਂ ਦੀ ਕੱਲ੍ਹ 5 ਨਵੰਬਰ ਨੂੰ ਮੀਟਿੰਗ ਹੋਈ ਸੀ, ਬੀਜੇਪੀ ਨੇ ਰੇਲ ਮੰਤਰੀ ਨੂੰ ਜਲਦ ਤੋਂ ਜਲਦ ਰੇਲ ਸੇਵਾ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ, ਪੂਰੇ ਪੰਜਾਬ ਵਿੱਚ ਰੇਲਵੇ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਰੇਲ ਟਰੈਕ ‘ਤੇ ਸਰਵੇਂ ਕੀਤਾ ਜਾ ਰਿਹਾ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਟ੍ਰੇਨਾਂ ਪੰਜਾਬ ਦੀਆਂ ਪਟਰੀਆਂ ‘ਤੇ ਦੋੜਨ ਲੱਗਣਗੀਆਂ, ਪਰ ਜੰਡਿਆਲਾ ਵਿੱਚ ਕਿਸਾਨ ਹੁਣ ਵੀ ਟ੍ਰੇਨਾਂ ਦੀ ਪਟਰੀਆਂ ‘ਤੇ ਡਟੇ ਹੋਏੇ ਹਨ।