Others

ਮੁਹਾਲੀ ‘ਚ ਭੁੱਖ ਹੜਤਾਲ ‘ਤੇ ਬੈਠੇ ਕਿਸਾਨਾਂ ਦਾ ਐਲਾਨ, ਫਸਲਾਂ ਤੇ ਨਸਲਾਂ ਦੀ ਲੜਾਈ ਜਿੱਤ ਨਾਲ ਹੀ ਮੁੱਕਣੀ ਹੈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁਹਾਲੀ ਦੇ ਪਿੰਡ ਸੋਹਾਣਾ ਵਿਖੇ ਗੁਰੂਦੁਆਰਾ ਸਿੰਘ ਸ਼ਹੀਦਾਂ ਦੇ ਗੇਟ ਲਾਗੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ ‘ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਇਹ ਫਸਲਾਂ ਤੇ ਨਸਲਾਂ ਦੀ ਲੜਾਈ ਕਿਸਾਨਾਂ ਦੀ ਜਿੱਤ ਨਾਲ ਹੀ ਮੁੱਕਣੀ ਹੈ। ‘ਦ ਖ਼ਾਲਸ ਟੀਵੀ ਨਾਲ ਗੱਲਬਾਤ ਕਰਦੇ ਹੋਏ ਭੁੱਖ ਹੜਤਾਲ ‘ਤੇ ਬੈਠੇ ਸੋਹਾਣਾ ਪਿੰਡ ਦੇ ਹਰਵਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਲੋਕਾਂ ਨੂੰ ਵਹਿਮ ਹੈ ਕਿ ਕਿਸਾਨ ਅੰਦੋਲਨ ਠੰਡਾ ਪੈ ਰਿਹਾ ਹੈ। ਦਿੱਲੀ ਵਿੱਚ ਕਿਸਾਨਾਂ ਦਾ ਮੋਰਚਾ ਲੱਗੇ ਨੂੰ ਛੇ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ।

ਇਸ ਦੌਰਾਨ ਕੋਰੋਨਾ ਦੀ ਬਿਮਾਰੀ ਵੱਲ ਵੀ ਲੋਕਾਂ ਦਾ ਧਿਆਨ ਗਿਆ ਹੈ, ਪਰ ਇਸਦਾ ਇਹ ਮਤਲਬ ਨਹੀਂ ਕਿ ਕਿਸਾਨ ਅੰਦੋਲਨ ਦਾ ਜੋਸ਼ ਠੰਡਾ ਪੈ ਰਿਹਾ ਹੈ। ਕਿਸਾਨਾਂ ਨੂੰ ਫਸਲ ਕੱਟਣ ਤੇ ਸਾਂਭਣ ਦੇ ਨਾਲ-ਨਾਲ ਧਰਨੇ ਵੀ ਦੇਣੇ ਪੈ ਰਹੇ ਹਨ। ਇਹ ਦੋਨੋਂ ਕਾਰਜ ਬਰਾਬਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਕੋਰੋਨਾ ਦਾ ਬਹਾਨਾ ਬਣਾ ਕਿ ਕਿਸਾਨਾਂ ਨੂੰ ਡਰਾ ਧਮਕਾ ਰਹੀ ਹੈ ਤੇ ਅੰਦੋਲਨ ਖਤਮ ਕਰਨਾ ਚਾਹੁੰਦੀ ਹੈ। ਪਰ ਕਿਸਾਨ ਸਰਕਾਰ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਣਗੇ।

ਰੋਜ਼ਾਨਾਂ ਪੰਜ ਬੰਦੇ ਬੈਠਦੇ ਨੇ ਭੁੱਖ ਹੜਤਾਲ ‘ਤੇ
ਉਨ੍ਹਾਂ ਦੱਸਿਆ ਹਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹਰ ਪਿੰਡ ਵਿਚ ਧਰਨੇ ਦਿੱਤੇ ਜਾ ਰਹੇ ਹਨ। ਪੁਆਂਧੀ ਮੰਚ ਵੱਲੋਂ ਦਿੱਤਾ ਜਾ ਰਿਹਾ ਇਹ ਧਰਨਾ 7 ਤਰੀਕ ਤੋਂ ਜਾਰੀ ਹੈ ਤੇ ਵੱਖ-ਵੱਖ ਪਿੰਡਾਂ ਦੇ ਪੰਜ ਬੰਦੇ ਰੋਜ਼ਾਨਾ ਭੁੱਖ ਹੜਤਾਲ ‘ਤੇ ਬੈਠ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕੱਲੇ ਬੰਦੇ ਦੀ ਲੜਾਈ ਨਹੀਂ ਹੈ ਤੇ ਨਾ ਹੀ ਇਹ ਲੜਾਈ ਸਿਰਫ ਕਿਸਾਨਾਂ ਦੀ ਹੈ। ਇਸ ਲੜਾਈ ਵਿੱਚ ਹਰ ਬੰਦੇ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਧਰਨੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਲੋਕ ਆਪ ਫੋਨ ਕਰਕੇ ਸ਼ਾਮਿਲ ਹੋਣ ਦੀ ਇੱਛਾ ਪ੍ਰਗਟਾ ਰਹੇ ਹਨ। ਸਮਾਂ ਗਵਾਹ ਹੈ ਕਿ ਹੁਣ ਲੋਕ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਇਨ੍ਹਾਂ ਮੈਦਾਨਾਂ ਵਿੱਚ ਉੱਤਰ ਰਹੇ ਹਨ। ਕੁਰਬਾਨੀਆਂ ਲਈ ਪੰਜਾਬੀ ਹਮੇਸ਼ਾ ਮੂਹਰੇ ਆਉਂਦੇ ਰਹਿੰਦੇ ਹਨ। ਜਦੋਂ ਤੱਕ ਕਿਸਾਨ ਜਿੱਤ ਕੇ ਨਹੀਂ ਆਉਂਦੇ, ਉਦੋਂ ਤੱਕ ਇਹ ਧਰਨਾ ਚੱਲਦਾ ਰਹੇਗਾ।

ਉਨ੍ਹਾਂ ਕਿਹਾ ਕਿ ਗੁਰੂਦੁਆਰਾ ਸਿੰਘ ਸ਼ਹੀਦਾਂ ਵਿਖੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਤੇ ਅਸੀਂ ਵੀ ਇਸੇ ਆਸ ਨਾਲ ਇੱਥੇ ਬੈਠੇ ਹਾਂ। ਕਿਸਾਨਾਂ ਦੀਆਂ ਮੰਗਾਂ ਜਲਦੀ ਮੰਨੀਆਂ ਜਾਣ, ਇਸ ਲਈ ਹਮੇਸ਼ਾ ਅਰਦਾਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਈ ਲੋਕ ਧਰਨੇ ਵਿੱਚ ਲੰਗਰ ਤੇ ਹੋਰ ਸੇਵਾ ਵੀ ਕਰ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹਮੇਸ਼ਾ ਇਹੀ ਚਾਹੁੰਦੀ ਰਹੀ ਹੈ ਕਿ ਕਿਸੇ ਤਰ੍ਹਾਂ ਇਹ ਧਰਨੇ ਖਤਮ ਕਰ ਦਿੱਤੇ ਜਾਣ। ਕੋਰੋਨਾ ਦਾ ਡਰ ਦਿਖਾ ਕੇ ਕਈ ਵਾਰ ਕੋਸ਼ਿਸ਼ ਵੀ ਕੀਤੀ ਹੈ। ਪਰ ਜਦੋਂ ਲੀਡਰ ਚੋਣ ਰੈਲੀਆਂ ਕਰਦੇ ਨੇ ਉਦੋਂ ਇਨ੍ਹਾਂ ਨੂੰ ਕੋਰੋਨਾ ਦਾ ਡਰ ਨਹੀਂ ਦਿੱਸਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦਾ ਸਬਰ ਨਹੀਂ ਪਰਖਣਾ ਚਾਹੀਦਾ। ਧਰਨਿਆਂ ‘ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਜੇਕਰ 2024 ਤੱਕ ਵੀ ਧਰਨੇ ਦੇਣੇ ਪਏ ਤਾਂ ਪਿੱਛੇ ਨਹੀਂ ਹਟਾਂਗੇ।

ਇਸ ਮੌਕੇ ਭੁੱਖ ਹੜਤਾਲ ਵਿੱਚ ਸ਼ਾਮਿਲ ਕਿਸਾਨ ਮਹਿਲਾ ਜਸਵੀਰ ਕੌਰ ਨੇ ਕਿਹਾ ਅਸੀਂ ਜਾਨ ਕੁਰਬਾਨ ਕਰ ਦਿਆਂਗੇ ਪਰ ਪਿੱਛੇ ਨਹੀਂ ਹਟਾਂਗੇ। ਸਾਨੂੰ ਭੁੱਖ ਹੜਤਾਲ ਮਨਜੂਰ ਹੈ ਪਰ ਮੋਦੀ ਸਰਕਾਰ ਦੇ ਤਿੰਨ ਕਾਨੂੰਨ ਮਨਜੂਰ ਨਹੀਂ।