Punjab

ਕਿਸਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾ ‘ਚ PM ਮੋਦੀ ਦੇ ਪੁਤਲੇ ਸਾੜ ਕੇ ਮਨਾਈ ਜਾ ਰਹੀ ਦੀਵਾਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜ ਕੇ ਕਾਲੀ ਦਿਵਾਲੀ ਮਨਾਈ ਜਾ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਨੇੜਲੇ ਪਿੰਡ ਪੰਧੇਰ ਕਲਾਂ ‘ਚ ਅੱਜ ਦੀਵਾਲੀ ਮੌਕੇ ਕਿਸਾਨਾਂ ਅਤੇ ਬੀਬੀਆਂ ਵੱਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕਾਲੀ ਦੀਵਾਲੀ ਦੇ ਕਾਲੇ ਝੰਡੇ ਲਹਿਰਾਉਂਦੇ ਹੋਏ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ, ਬਲਾਕ ਤਰਸਿੱਕਾ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਦੇ ਪੁਤਲੇ ਸਾੜ ਕੇ ਕਾਲੀ ਦਿਵਾਲੀ ਮਨਾਈ ਅਤੇ ਕਾਲੇ ਖੇਤੀ ਕਾਨੂੰਨ ਵਾਪਿਸ ਲੈਣ ਦੇ ਨਾਅਰੇ ਲਾਏ। ਕਿਸਾਨਾਂ ਨੇ ਆਪਣੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ੍ਹ ਕੇ ਅਤੇ ਆਪਣੇ ਘਰਾਂ ‘ਤੇ ਕਾਲੀਆਂ ਝੰਡੀਆਂ ਲਾ ਕੇ ਕੇਂਦਰ ਸਰਕਾਰ ਖਿਲਾਫ ਤਿੱਖਾ ਪ੍ਰਦਰਸ਼ਨ ਕੀਤਾ।

ਅਜਨਾਲਾ ਗੱਗੋਮਾਹਲ ਵਿੱਚ ਵੀ ਕਿਸਾਨਾਂ ਨੇ ਮੋਦੀ ਸਰਕਾਰ ਦੇ ਪੁਤਲੇ ਸਾੜ ਕੇ ਖੇਤੀ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਨ੍ਹਾਂ ਅੰਦੋਲਨਾਂ ਵਿੱਚ ਛੋਟੇ ਬੱਚਿਆਂ ਨੇ ਵੀ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਦਾ ਤਿੱਖਾ ਵਿਰੋਧ ਕੀਤਾ।

 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਵਿਖੇ ਚੱਲ ਰਿਹਾ ਰੇਲ ਰੋਕ ਅੰਦੋਲਨ 52 ਵੇਂ ਦਿਨ ਦਾਖਲ ਹੋ ਗਿਆ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹੀ ਹੈ। ਗੱਲਬਾਤ ਕਰਨ ਗਏ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਸਾਨੂੰ 3 ਖੇਤੀ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਇੰਨ੍ਹਾਂ ਦੇ ਬੁਰੇ ਪੱਖਾਂ ਦਾ ਪਤਾ ਨਹੀ ਸੀ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਕਮੇਟੀ ਬਣਾਉਣ ਦਾ ਦਿੱਤਾ ਗਿਆ ਭਰੋਸਾ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਸੋ, ਪਹਿਲਾਂ ਕਾਨੂੰਨ 1 ਸਾਲ ਲਈ ਮੁਲਤਵੀ ਕਰ ਦੇਣੇ ਚਾਹੀਦੇ ਹਨ, ਫਿਰ ਕਮੇਟੀ ਬਣਾਉਣੀ ਚਾਹੀਦੀ ਹੈ। ਪਿੰਡ ਪੱਧਰੀ ਵਿੱਚ ਹੋ ਰਹੇ ਅਰਥੀ ਫੂਕ ਮੁਜਾਹਰਿਆਂ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ , ਗੁਰਬਚਨ ਸਿੰਘ ਚੱਬਾ , ਰਣਜੀਤ ਸਿੰਘ ਕਲੇਰਬਾਲਾ , ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਨਾ ਚਲਾ ਕੇ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕੇਂਦਰ ਦੀ ਇਹ ਸ਼ਰਤ ਕਿ ਪਹਿਲਾਂ ਯਾਤਰੂ ਗੱਡੀਆਂ ਚਲਾਓ, ਫਿਰ ਮਾਲ ਗੱਡੀਆਂ ਚੱਲਣਗੀਆਂ, ਬਿਲਕੁਲ ਗੈਰ-ਵਾਜਬ ਹੈ।

ਕਿਸਾਨ ਆਗੂਆਂ ਨੇ ਪਿੰਡ ਪੰਧੇਰ ਕਲਾਂ ਕਸਬਾ ਮਜੀਠਾ , ਅੰਤਰਰਾਜੀ ਬੱਸ ਅੱਡਾ ਅੰਮ੍ਰਿਤਸਰ , ਪਿੰਡ ਚੱਬਾ ਵਿਖੇ ਅੰਮ੍ਰਿਤਸਰ ਹਰੀਕੇ ਮਾਰਗ ਜਾਮ ਕਰਕੇ ਆਪ ਅਗਵਾਈ ਕਰਕੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਅੰਮ੍ਰਿਤਸਰ ਵਿੱਚ ਬੱਸ ਵਰਕਰ , ਵਕੀਲ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਆਗੂਆਂ ਨਾਲ ਮਿਲ ਕੇ ਸਾਂਝਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਅੰਮ੍ਰਿਤਸਰ ਜਿਲ੍ਹੇ ਵਿੱਚ 200 ਪਿੰਡਾਂ ਵਿੱਚ ਅਤੇ ਪੰਜਾਬ ਦੇ 11 ਜਿਲਿਆਂ ਵਿੱਚ ਦੁਪਿਹਰ 2 ਵਜੇ ਤੱਕ 812 ਪਿੰਡਾਂ ਵਿੱਚ ਪਿੰਡ ਪੱਧਰ ਉੱਤੇ ਅਰਥੀਆਂ ਫੂਕਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਤਰਨਤਾਰਨ ਵਿੱਚ ਸੁਖਵਿੰਦਰ ਸਿੰਘ ਸਭਰਾ , ਹਰਪ੍ਰੀਤ ਸਿੰਘ ਸਿੱਧਵਾਂ , ਫਿਰੋਜ਼ਪੁਰ ਵਿੱਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਮੁਕਤਸਰ , ਫਾਜ਼ਿਲਕਾ , ਮੋਗਾ ਵਿੱਚ ਜਸਬੀਰ ਸਿੰਘ ਪਿੱਦੀ , ਜਲੰਧਰ , ਕਪੂਰਥਲਾ ਵਿੱਚ ਗੁਰਲਾਲ ਸਿੰਘ ਪੰਡੋਰੀ ਰਣਸਿੰਘ , ਗੁਰਦਾਸਪੁਰ , ਹੁਸ਼ਿਆਰਪੁਰ ਸ੍ਰੀ ਹਰਗੋਬਿੰਦਪੁਰ ਵਿੱਚ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਚ ਅਰਥੀਆਂ ਫੂਕੀਆਂ ਗਈਆਂ।