India Punjab

ਕਿਸਾਨ ਲੀਡਰਾਂ ਨੇ ਲੱਖਾ ਸਿਧਾਣਾ ਨੂੰ ਗਲ ਨਾਲ ਲਾਇਆ, ਦੀਪ ਸਿੱਧੂ ਤੋਂ ਕਿਨਾਰਾ ਵਧਾਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ਬਾਰੇ ਆਪਣੇ ਵਿਚਾਰ ਸਪੱਸ਼ਟ ਕਰਦਿਆਂ ਕਿਹਾ ਕਿ ‘ਕਿਸਾਨ ਜਥੇਬੰਦੀਆਂ ਦਾ ਪਹਿਲਾਂ ਤੋਂ ਹੀ ਇਹ ਸਟੈਂਡ ਰਿਹਾ ਹੈ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ ਪਰ ਹਾਲ ਦੀ ਘੜੀ ਵਿੱਚ ਕਿਸਾਨੀ ਅੰਦੋਲਨ ਦੌਰਾਨ ਅਸੀਂ ਸਰਕਾਰ ਦੇ ਇਸ ਸਰਕਾਰੀ ਫੈਸਲੇ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੱਲ੍ਹ ਇੱਕ ਚਿੱਠੀ ਜਾਰੀ ਹੋਈ ਹੈ ਕਿ ਬਾਰਡਰ ਵਾਲੇ ਖੇਤਰਾਂ ਵਿੱਚ ਜੋ ਕਿਸਾਨ ਹਨ, ਉਹ ਬਿਹਾਰ, ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਨੂੰ ਨਸ਼ੇ ਲਿਆ ਕੇ ਦਿੰਦੇ ਹਨ ਅਤੇ ਇਨ੍ਹਾਂ ਨਸ਼ਿਆਂ ਕਾਰਨ ਕਈ ਮਜ਼ਦੂਰ ਮਰ ਜਾਂਦੇ ਹਨ’।

ਡਾ.ਦਰਸ਼ਨਪਾਲ ਨੇ ਲੱਖਾ ਸਿਧਾਣਾ ਬਾਰੇ ਬੋਲਦਿਆਂ ਕਿਹਾ ਕਿ ‘ਲੱਖਾ ਸਿਧਾਣਾ ਦੀ ਪਹੁੰਚ ਬਹੁਤ ਵੱਡੇ ਪੱਧਰ ਤੱਕ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਦੀ ਰੈਲੀ ਵਿੱਚ ਜੋ ਲੋਕਾਂ ਦੀ ਵੱਡੀ ਗਿਣਤੀ ਸੀ, ਉਹ ਕਿਸਾਨ ਪੱਖੀ, ਸਾਡੇ ਪੱਖੀ ਅਤੇ ਸਾਡੇ ਅੰਦੋਲਨ ਪੱਖੀ ਹੋਵੇਗੀ। ਲੱਖਾ ਸਿਧਾਣਾ ਦੇ ਮੁੱਦੇ ‘ਤੇ ਵਿਚਾਰ ਕਰਨ ਲਈ ਸਾਡੀ ਤਿੰਨ ਮੈਂਬਰੀ ਕਮੇਟੀ ਬਣੀ ਸੀ। ਤਿੰਨ ਮੈਂਬਰੀ ਕਮੇਟੀ ਦੇ ਸਾਰੇ ਨੁਮਾਇੰਦਿਆਂ ਨੇ ਲੱਖਾ ਸਿਧਾਣਾ ਨਾਲ ਸਬੰਧਿਤ ਇਸ ਕਿਸਮ ਦੀਆਂ ਘਟਨਾਵਾਂ, ਮੋਰਚੇ ਦੀਆਂ ਮੰਗਾਂ ਤੋਂ ਵੱਧ ਕੇ ਜੇਕਰ ਉਹ ਕੁੱਝ ਕਰਨਾ ਚਾਹੁੰਦੇ ਹਨ, ਉਸਨੂੰ ਰੋਕਣ ਲਈ, ਮੋਰਚੇ ਦੇ ਅਨੁਸ਼ਾਸਨ ਵਿੱਚ ਰਹਿਣ ਬਾਰੇ ਵਿਚਾਰ ਕੀਤੀ ਹੈ। ਲੱਖਾ ਸਿਧਾਣਾ ਨੌਜਵਾਨਾਂ, ਕਿਸਾਨਾਂ ਨੂੰ ਕਿਸਾਨੀ ਅੰਦੋਲਨ ਵਿੱਚ ਜੁੜਨ ਲਈ ਅਪੀਲ ਕਰਦਾ ਹੈ, ਸੰਯੁਕਤ ਕਿਸਾਨ ਮੋਰਚਾ ਉਸਨੂੰ ਜੀ ਆਇਆ ਆਖਦਾ ਹੈ।

ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਅਦਾਕਾਰ ਦੀਪ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਦੀਪ ਸਿੱਧੂ ਬਾਰੇ ਸਟੈਂਡ ਹਾਲੇ ਵੀ ਸਪੱਸ਼ਟ ਹੈ। ਕਿਸਾਨ ਜਥੇਬੰਦੀਆਂ ਜਾਂ ਹੋਰ ਕੋਈ ਵੀ ਦੀਪ ਸਿੱਧੂ ਦੇ ਮਾਮਲੇ ਦੀ ਨੁਮਾਇੰਦਗੀ ਨਹੀਂ ਕਰੇਗਾ। ਇਹ ਅੰਦੋਲਨ ਕਿਸਾਨਾਂ ਦਾ ਹੈ, ਕਿਸਾਨਾਂ ਦੀਆਂ ਮੰਗਾਂ ਦਾ ਹੈ, ਇਸਨੂੰ ਕੋਈ ਵੀ ਬਦਨਾਮ ਨਹੀਂ ਕਰ ਸਕੇਗਾ।