India Punjab

ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਹਮਲੇ ਤੋਂ ਡਰਨ ਦੀ ਬਜਾਏ ਭਾਜਪਾ ਨੂੰ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਜਸਥਾਨ ਦੇ ਅਲਵਰ ਦੇ ਤੱਤਾਰਪੁਰ ਚੁਰਾਹੇ ‘ਤੇ ਆਪਣੇ ‘ਤੇ ਹੋਏ ਹਮਲੇ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਉੱਥੇ ਕਰੀਬ 30-40 ਲੜਕੇ ਮੌਜੂਦ ਸੀ। ਉਨ੍ਹਾਂ ਨੇ ਗੱਡੀ ਰੋਕੀ ਅਤੇ ਪਹਿਲਾਂ ਵੈਸੇ ਹੀ ਸਾਧਾਰਨ ਤੌਰ ‘ਤੇ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ‘ਤੇ ਹਮਲਾ ਕੀਤਾ। ਗੱਡੀ ਦੇ ਸ਼ੀਸ਼ੇ ਤੋੜੇ ਗਏ ਅਤੇ ਕੁੱਟ-ਮਾਰ ਕੀਤੀ ਗਈ। ਗੱਡੀ ‘ਤੇ ਡੰਡਿਆਂ ਅਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ।

ਕਿਸਾਨ ਲੀਡਰ ਟਿਕੈਤ ਨੇ ਕਿਸਾਨਾਂ ਨੂੰ ਇਸ ਘਟਨਾ ਮਗਰੋਂ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਹਮਲੇ ਦੀ ਸਾਜ਼ਿਸ਼ ਭਾਜਪਾ ਵੱਲੋਂ ਹਰਿਆਣਾ ਵਿੱਚ ਘੜੀ ਗਈ ਸੀ। ਹਮਲੇ ਨਾਲ ਜੁੜੇ ਲੋਕ ‘ਏਬੀਵੀਪੀ’ ਦੇ ਸਰਗਰਮ ਕਾਰਕੁੰਨ ਹਨ ਅਤੇ ਸੰਸਦ ਮੈਂਬਰ ਬਾਲਕ ਨਾਥ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੇ ਕਰੀਬੀ ਹਨ। ਹਮਲੇ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿੱਚ ਚਰਚਾ ਕੀਤੀ ਜਾਵੇਗੀ’।

ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ‘ਅਜਿਹੀਆਂ ਸਾਜ਼ਿਸ਼ਾਂ ਤੋਂ ਉਹ ਡਰਨ ਵਾਲੇ ਨਹੀਂ ਹਨ ਅਤੇ ਕਿਸਾਨ ਅੰਦੋਲਨ ਦੇ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ। ਟਿਕੈਤ ਨੇ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਜੇਕਰ ਮੋਰਚੇ ਦੇ ਲੀਡਰਾਂ ਨਾਲ ਸੜਕਾਂ ’ਤੇ ਅਜਿਹੀਆਂ ਘਟਨਾਵਾਂ ਅੱਗੇ ਵਾਪਰੀਆਂ ਤਾਂ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸੜਕਾਂ ’ਤੇ ਚੱਲਣਾ ਮੁਸ਼ਕਲ ਬਣਾ ਦੇਵਾਂਗੇ’।

ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਕੱਲ੍ਹ ਰਾਜਸਥਾਨ ਦੇ ਅਲਵਰ ਦੇ ਤੱਤਾਰਪੁਰ ਚੁਰਾਹੇ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਅਤੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ‘ਤੇ ਇਹ ਹਮਲਾ ਕਰਵਾਉਣ ਦਾ ਦੋਸ਼ ਲਾਇਆ ਹੈ। ਰਾਕੇਸ਼ ਟਿਕੈਤ ਦੀ ਗੱਡੀ ‘ਤੇ ਗੋਲੀ ਲੱਗਣ ਦੇ ਵੀ ਨਿਸ਼ਾਨ ਹਨ। ਕਿਸਾਨ ਲੀਡਰ ਰਾਕੇਸ਼ ਟਿਕੈਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਚਾਇਤਾਂ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਟਿਕੈਤ ਪੱਛਮੀ ਬੰਗਾਲ ਦੇ ਦੌਰੇ ‘ਤੇ ਸਨ ਅਤੇ ਹੁਣ ਰਾਜਸਥਾਨ ਦੌਰੇ ‘ਤੇ ਹਨ।