India Punjab

ਕਰਜ਼ੇ ਦੇ ਸਤਾਏ ਪੰਜਾਬ ਸੰਘਰਸ਼ ਕਮੇਟੀ ਦੇ ਲੀਡਰ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਕਦੀਮ ਦੇ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਰਿਲੀ ਦਵਾ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਕਿਸਾਨ ਲਖਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਬਾਊਪੁਰ ਕਦੀਮ ਤਹਿਸੀਲ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਸਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਲੀਡਰ ਸਨ।


ਜਾਣਕਾਰੀ ਅਨੁਸਾਰ ਇਸ ਕਿਸਾਨ ‘ਤੇ 16 ਲੱਖ ਰੁਪਏ ਦਾ ਬੈਂਕ ਕਰਜ਼ਾ ਦੱਸਿਆ ਜਾ ਰਿਹਾ ਹੈ। ਹਰ ਵਾਰ ਮੰਡ ਖੇਤਰ ਵਿੱਚ ਹੜ੍ਹ ਆਉਣ ਦੇ ਕਾਰਨ ਫਸਲ ਦਾ ਵੀ ਨੁਕਸਾਨ ਹੁੰਦਾ ਰਿਹਾ ਹੈ, ਜਿਸ ਕਾਰਨ ਖੁਦਕੁਸ਼ੀ ਕਰਨ ਵਾਲਾ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ। ਜ਼ਮੀਨ ਨੂੰ ਲੈ ਕੇ ਵੀ ਪਰਿਵਾਰਿਕ ਲੜਾਈ ਚੱਲ ਰਹੀ ਸੀ। ਪਰਿਵਾਰ ਨੇ ਸਰਕਾਰ ਤੋਂ ਬੈਂਕ ਦਾ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ ਹੈ। ਥਾਣਾ ਕਬੀਰਪੁਰ ਦੇ ਮੁੱਖ ਅਫਸਰ ਇੰਸਪੈਕਟਰ ਚੰਨਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਦੀ ਅਰਥੀ ਕੋਲੋਂ ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।