India International Punjab

ਫੇਸਬੁੱਕ ਨੇ ਤਿੰਨ ਮਹੀਨਿਆਂ ‘ਚ ਹੀ ਕਮਾਏ ਇੰਨੇ ਪੈਸੇ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ ਲੀਕ ਹੋਣ ‘ਤੇ ਹੋਈ ਆਲੋਚਨਾ ਦੇ ਬਾਵਜੂਦ ਵੀ ਫੇਸਬੁੱਕ ਨੇ ਪਿਛਲੀ ਤਿਮਾਹੀ ਵਿੱਚ ਉਮੀਦ ਨਾਲੋਂ ਬਿਹਤਰ ਕਮਾਈ ਕੀਤੀ ਹੈ। ਫੇਸਬੁੱਕ ਨੇ ਜੁਲਾਈ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਨੌਂ ਅਰਬ ਡਾਲਰ ਦਾ ਮੁਨਾਫਾ ਕਮਾਇਆ ਹੈ ਜਦਕਿ ਪਿਛਲੇ ਸਾਲ ਇਹ ਕਮਾਈ 7.8 ਅਰਬ ਡਾਲਰ ਸੀ। ਇਹ ਨਤੀਜੇ ਉਦੋਂ ਸਾਹਮਣੇ ਆਏ ਹਨ ਜਦੋਂ ਫੇਸਬੁੱਕ ਦੇ ਇੱਕ ਸਾਬਕਾ ਕਰਮਚਾਰੀ ਫਰਾਂਸਿਸ ਹਾੱਗਨ ਨੇ ਫੇਸਬੁੱਕ ‘ਤੇ ਅਨੈਤਿਕ ਵਿਵਹਾਰ ਹੋਣ ਦਾ ਦੋਸ਼ ਲਾਇਆ ਸੀ।

ਫਰਾਂਸਿਸ ਹਾੱਗਨ ਨੇ ਫੇਸਬੁੱਕ ਦੇ ਕਈ ਅੰਦਰੂਨੀ ਦਸਤਾਵੇਜ਼ ਮੀਡੀਆ ਵਿੱਚ ਪ੍ਰਕਾਸ਼ਿਤ ਕੀਤੇ ਸਨ। ਉਨ੍ਹਾਂ ਨੇ ਆਪਣੀ ਕੰਪਨੀ ‘ਤੇ ਦੋਸ਼ ਲਾਇਆ ਸੀ ਕਿ ਕੰਪਨੀ ਯੂਜ਼ਰਸ ਦੀ ਸੁਰੱਖਿਆ ਤੋਂ ਜ਼ਿਆਦਾ ਮਹੱਤਵ ਕਮਾਈ ਨੂੰ ਦਿੰਦੀ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਦਸਤਾਵੇਜ਼ ਦਿਖਾਉਂਦੇ ਹਨ ਕਿ ਫੇਸਬੁੱਕ ਨਫ਼ਰਤ ਭਰੀਆਂ ਗੱਲਾਂ ਅਤੇ ਅਮਰੀਕਾ ਤੋਂ ਬਾਹਰ ਸੈਕਸ ਟ੍ਰੈਫਿਕਿੰਗ ਨੂੰ ਬੜਾਵਾ ਦੇਣ ਵਾਲੀ ਸਮੱਗਰੀ ‘ਤ ਨਜ਼ਰ ਰੱਖਣ ਵਿੱਚ ਅਸਫਲ ਸਾਬਿਤ ਹੋਈ ਹੈ।

ਫੇਸਬੁੱਕ ਦੇ ਸੰਸਥਾਪਕ ਮਾਰਗ ਜ਼ਕਰਬਰਗ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਜੋ ਅਸੀਂ ਵੇਖ ਰਹੇ ਹਾਂ, ਉਹ ਲੀਕ ਹੋਏ ਦਸਤਾਵੇਜ਼ਾਂ ਦੀ ਚੋਣਵੀਂ ਵਰਤੋਂ ਕਰਕੇ ਕੰਪਨੀ ਦੀ ਝੂਠੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਹੈ। ਫੇਸਬੁੱਕ ਮੁਤਾਬਕ ਇੱਕ ਸਾਲ ਤੋਂ ਉਨ੍ਹਾਂ ਦੇ ਮਹੀਨਾਵਾਰ ਯੂਜ਼ਰਸ ਦੀ ਗਿਣਤੀ 6 ਪ੍ਰਤੀਸ਼ਤ ਤੋਂ ਵੱਧ ਕੇ 2 ਅਰਬ 91 ਕਰੋੜ ਹੋ ਗਈ ਹੈ। ਹਾਲਾਂਕਿ, ਐਪਲ ਦੇ ਨਿੱਜਤਾ ਨਿਯਮਾਂ ਦੇ ਚੱਲਦਿਆਂ ਫੇਸਬੁੱਕ ਨੂੰ ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ ਵਿੱਚ ਕੁੱਝ ਨੁਕਸਾਨ ਹੋਇਆ ਹੈ। ਕੰਪਨੀ ਦੀ ਚੰਗੇ ਮੁਨਾਫੇ ਤੋਂ ਬਾਅਦ ਵੀ ਕਮਾਈ ਪ੍ਰਭਾਵਿਤ ਹੋਈ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਆਉਣ ਵਾਲੀ ਤਿਮਾਹੀ ਵਿੱਚ ਪ੍ਰਾਈਵੇਸੀ ਅਪਡੇਟ ਦਾ ਵੀ ਉਸਦੇ ਡਿਜ਼ੀਟਲ ਬਿਜ਼ਨੈੱਸ ‘ਤੇ ਅਸਰ ਪਵੇਗਾ।