Punjab

ਗਾਇਬ ਸਰੂਪਾਂ ਦੀ ਗਿਣਤੀ ਦਾ ਤਾਂ ਪਤਾ ਲੱਗ ਗਿਆ, ਗਾਇਬ ਕਰਵਾਉਣ ਵਾਲੇ ਅਸਲ ਦੋਸ਼ੀ ਦਾ ਨਾਂ ਕਦੋਂ ਦੱਸੋਗੇ-ਜਥੇਦਾਰ ਭਾਈ ਰਣਜੀਤ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਬਿਊਰੋ ਵਿੱਚੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਹੋਣ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ।

24 ਅਗਸਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦਾ ਖੁਲਾਸਾ ਹੋਇਆ ਹੈ। SGPC ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਇਸ ਖੁਲਾਸੇ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਜਾਂਚ ਮੁਕੰਮਲ ਤੌਰ ‘ਤੇ ਨਹੀਂ ਕੀਤੀ ਗਈ। ਉਹ ਇਸ ਜਾਂਚ ਤੋਂ ਸੰਤੁਸ਼ਟ  ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਂਚ ਰਿਪੋਰਟ ਤੋਂ ਪਹਿਲਾਂ ਕਿਹਾ ਸੀ ਕਿ ‘ਸਰੂਪ ਗਾਇਬ ਨਹੀਂ ਹੋਏ ਪਰ ਹੁਣ ਉਨ੍ਹਾਂ ਵੱਲੋਂ 328 ਪਾਵਨ ਸਰੂਪ ਗਾਇਬ ਹੋਣ ਦਾ ਖੁਲਾਸਾ ਕੀਤਾ ਗਿਆ ਹੈ, ਤਾਂ ਇਹ ਸਰੂਪ ਗਾਇਬ ਕਿੱਥੇ ਹੋਏ ਹਨ। ਇਹ ਪਾਵਨ ਸਰੂਪ ਕਿਸਨੇ ਖੜ੍ਹੇ, ਇਸ ਬਾਰੇ ਕੋਈ ਜਾਂਚ ਨਹੀਂ ਕੀਤੀ ਗਈ। ਇਹ ਪਾਵਨ ਸਰੂਪ ਕਿਸ ਕੋਲੋਂ ਬਰਾਮਦ ਕੀਤੇ ਜਾਣਗੇ, ਕਿਸਦੇ ਖਿਲਾਫ਼ FIR ਦਰਜ ਕੀਤੀ ਜਾਵੇਗੀ, ਪੁਲਿਸ ਕਿਸ ਤੋਂ ਪੁੱਛ-ਪੜਤਾਲ ਕਰੇਗੀ, ਇਹ ਅਜੇ ਤੱਕ ਸਪੱਸ਼ਟ ਨਹੀਂ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬਰਾਮਦੀ ਲਈ ਕੁੱਝ ਨਹੀਂ ਕੀਤਾ ਗਿਆ।

ਇਸ ਜਾਂਚ ਵਿੱਚ ਇੱਕ ਹਥਿਆਰ ਤਾਂ ਬਰਾਮਦ ਹੋ ਗਿਆ ਪਰ ਹਥਿਆਰ ਨੂੰ ਵਰਤਣ ਵਾਲਾ ਬਰਾਮਦ ਨਹੀਂ ਹੋਇਆ ਭਾਵ ਗਾਇਬ ਹੋਏ ਸਰੂਪਾਂ ਦੀ ਗਿਣਤੀ ਦਾ ਤਾਂ ਪਤਾ ਲੱਗ ਗਿਆ ਹੈ ਪਰ ਇਨ੍ਹਾਂ ਸਰੂਪਾਂ ਨੂੰ ਗਾਇਬ ਕਰਨ ਵਾਲਿਆਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਨੂੰ ਜਾਂਚ ਰਿਪੋਰਟ ਜਨਤਕ ਕਰਨੀ ਚਾਹੀਦੀ ਸੀ ਜੋ ਕਿ ਇਨ੍ਹਾਂ ਨੇ ਨਹੀਂ ਕੀਤੀ। ਇਸ ਜਾਂਚ ਰਿਪੋਰਟ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਪਾਇਆ ਗਿਆ ਤੇ ਨਾ ਹੀ ਕਿਸੇ ਦੇ ਖਿਲਾਫ਼ FIR ਦਰਜ ਕੀਤੀ ਗਈ।

SGPC ਨੇ ਗੋਇੰਦਵਾਲ ਸਾਹਿਬ ਵਿਖੇ ਅੰਗੀਠਾ ਸਾਹਿਬ ਦੇ ਇੱਕ ਮੁਲਾਜ਼ਮ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਕਿਉਂਕਿ ਉਸਨੇ ਸਰੂਪਾਂ ਦੇ ਰਿਕਾਰਡ ਨਾ ਹੋਣ ਦਾ ਖੁਲਾਸਾ ਕੀਤਾ ਸੀ। ਗਾਇਬ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਰੂਪ ਮਿਲਣੇ ਚਾਹੀਦੇ ਹਨ। ਸਰੂਪਾਂ ਦੇ ਗਾਇਬ ਹੋਣ ਪਿੱਛੇ ਜ਼ਿੰਮੇਵਾਰ ਵਿਅਕਤੀ ਨੂੰ ਸਾਹਮਣੇ ਲਿਆਂਦਾ ਜਾਵੇ, ਉਸ ਖਿਲਾਫ਼ FIR ਦਰਜ ਕੀਤੀ ਜਾਵੇ’।

ਉਨ੍ਹਾਂ ਨੇ ਕੈਨੇਡਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ ਗਏ ਸਰੂਪਾਂ ਦੇ ਮਸਲੇ ‘ਤੇ SGPC ‘ਤੇ ਸਵਾਲ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਪਤ pdf. ਫਾਈਲ ਕੈਨੇਡਾ ਕਿਵੇਂ ਪਹੁੰਚਗੀ ? ਇਸ pdf. ਫਾਈਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਸਰਾ ਸਰੂਪ ਛਾਪਿਆ ਜਾਂਦਾ ਹੈ।

ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਬਲੀਕੇਸ਼ਨ ਬਿਊਰੋ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਹੋ ਸਕਦੀ ਹੈ, ਦੁਨੀਆ ਦੇ ਹੋਰ ਕਿਸੇ ਜਗ੍ਹਾ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਨਹੀਂ ਹੋ ਸਕਦੀ।