Punjab

ਛੁੱਟੀ ਵਾਲੇ ਦਿਨ ਆਨਲਾਈਨ ਪੇਪਰ ਨਾ ਲੈਣ ‘ਤੇ ਸਿੱਖਿਆ ਅਫ਼ਸਰ ਵੱਲੋਂ ਅਧਿਆਪਕਾਂ ਨੂੰ ਨੋਟਿਸ ਜਾਰੀ

‘ਦ ਖ਼ਾਲਸ ਬਿਊਰੋ :- ਮਾਨਸਾ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੇ ਅਫ਼ਸਰ ਨੇ ਇੱਕ ਹੋਰ ਨਵਾਂ ਚੰਦ ਚਾੜਿਆ ਹੈ। ਇਸ ਅਧਿਕਾਰੀ ਵੱਲੋਂ ਦੁਸਹਿਰੇ ਵਾਲੇ ਦਿਨ ਆਨਲਾਈਨ ਪੇਪਰ ਨਾ ਦੇਣ ਵਾਲੇ ਬੱਚਿਆਂ ਦੇ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ 2 ਨਵੰਬਰ ਨੂੰ ਨਿੱਜੀ ਰੂਪ ‘ਚ ਪੇਸ਼ ਹੋਣ ਲਈ ਕਿਹਾ ਹੈ।

ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਕੋਟਲੀ, ਓਮ ਪ੍ਰਕਾਸ਼ ਸਰਦੂਲਗੜ੍ਹ ਤੇ ਅਮੋਲਕ ਡੇਲੂਆਣਾ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਛੁੱਟੀ ਵਾਲੇ ਦਿਨ ਟੈਸਟ ਤੇ ਹੋਰ ਆਨਲਾਈਨ ਗਤੀਵਿਧੀਆਂ ਬੰਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਬਿਨਾ ਵਜ੍ਹਾ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਆਪਣਾ ਰਵੱਈਆਂ ਨਾ ਬਦਲਿਆਂ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਬਲਾਕ ਆਗੂਆਂ ਕ੍ਰਿਸ਼ਨ ਰੰਗੜਿਆਲ, ਗੁਰਲਾਲ ਗੁਰਨੇ, ਹੰਸਾਂ ਸਿੰਘ, ਕੌਰ ਸਿੰਘ ਫੱਗੂ, ਪਰਮਿੰਦਰ ਮਾਨਸਾ, ਇਕਬਾਲ ਬਰੇਟਾ,ਗੁਰਦਾਸ ਗੁਰਨੇ, ਅਵਤਾਰ ਅੱਕਾਂਵਾਲੀ, ਹਰਵਿੰਦਰ ਮੋਹਲ, ਗੁਰਤੇਜ ਉੱਭਾ, ਅਮਰਿੰਦਰ ਸਿੰਘ ਨੇ ਮੰਗ ਕੀਤੀ ਕਿ ਪ੍ਰਸਾਸਨ ਮਾਪਿਆਂ ਤੋਂ ਘੋਸ਼ਣਾ ਪੱਤਰ ਲੈਣ ਦੀ ਬਜਾਏ ਖੁਦ ਜਿੰਮੇਵਾਰੀ ਲੈ ਕੇ ਬੱਚਿਆ ਦਾ ਸਕੂਲ ਆਉਣਾ ਯਕੀਨੀ ਬਣਾਏ ਤੇ ਆਨਲਾਈਨ ਗਤੀਵਿਧੀਆਂ ਬੰਦ ਕਰੇ। ਫਾਲਤੂ ਦੇ ਟੈਸਟਾਂ ਦੀ ਬਜਾਏ ਸਿਲੇਬਸ ਵੱਲ ਧਿਆਨ ਦਿੱਤਾ ਜਾਵੇ।
ਆਗੂਆਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਅਧਿਆਕਾਰੀਆਂ ਦੀਆਂ ਆਪਹੁਦਰੀਆਂ ਦੇ ਖਿਲਾਫ ਸੰਘਰਸ਼ ਲਈ ਤਿਆਰ ਰਹਿਣ।