‘ਦ ਖ਼ਾਲਸ ਬਿਊਰੋ ( ਮੁਹਾਲੀ ) :- ਮੁਹਾਲੀ ਦੇ ਵਸਨੀਕ ਤੇ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ DGP ਸੁਮੇਧ ਸੈਣੀ ਆਖਰਕਾਰ ਕੱਲ੍ਹ ਮੁਹਾਲੀ ਦੇ ਮਟੌਰ ਥਾਣੇ ਜਾਂਚ ਵਿੱਚ ਸ਼ਾਮਲ ਹੋਣ ਲਈ ਪੁੱਜਿਆ। ਮੁਹਾਲੀ ਪੁਲੀਸ ਵੱਲੋਂ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੀਤੇ ਦਿਨੀਂ ਦੂਜਾ ਨੋਟਿਸ ਜਾਰੀ ਕੀਤਾ ਗਿਆ ਸੀ। ਸੈਣੀ ਕੱਲ੍ਹ ਆਪਣੇ ਵਕੀਲਾਂ ਤੇ ਸੁਰੱਖਿਆ ਅਮਲੇ ਨਾਲ ਸਵੇਰੇ 11 ਵਜੇ ਮਟੌਰ ਥਾਣੇ ਪੇਸ਼ ਹੋਇਆ। ਇਸ ਦੌਰਾਨ ਵਕੀਲਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਮੁਹਾਲੀ ਦੇ ਐਸਪੀ (ਡੀ) ਤੇ ‘SIT ਮੁਖੀ ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਨਾਲ ਲਗਾਤਾਰ 6 ਘੰਟੇ ਪੁੱਛਗਿੱਛ ਕੀਤੀ। ਹਾਲਾਂਕਿ ਸੈਣੀ ਤੋਂ ਪੁੱਛਗਿੱਛ ਦੌਰਾਨ ਕੀ ਕੁੱਝ ਪੁੱਛਿਆ ਗਿਆ, ਇਸ ਬਾਰੇ ਪੁਲੀਸ ਦਾ ਕੋਈ ਵੀ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।

ਪਤਾ ਲੱਗਾ ਹੈ ਕਿ ਸੈਣੀ ਕੋਲੋਂ ਛੇ ਘੰਟੇ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਲਿਜਾਉਣ ਤੇ ਬਾਅਦ ਵਿੱਚ ਉਸ ਨਾਲ ਕੀ ਵਾਪਰਿਆ ਬਾਰੇ ਸਵਾਲ ਪੁੱਛੇ ਗਏ। ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ, ‘ਕੀ ਸੈਣੀ ’ਤੇ ਬੰਬ ਧਮਾਕਾ ਕੀਤਾ ਗਿਆ ਸੀ ਤਾਂ ਕੀ ਉਸ ਵਿੱਚ ਮੁਲਤਾਨੀ ਦਾ ਹੱਥ ਸੀ। ਸੂਤਰ ਦੀ ਜਾਣਕਾਰੀ ਮੁਤਾਬਿਕ ਸੈਣੀ ਨੇ ਪੁਲੀਸ ਦੇ ਕਿਸੇ ਵੀ ਸਵਾਲ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੱਤਾ, ਅਤੇ ਨਾ ਹੀ ਪੁਲੀਸ ਨੇ ਸਖ਼ਤੀ ਨਾਲ ਪੁੱਛਗਿੱਛ ਕਰਨ ਦੀ ਹਿੰਮਤ ਦਿਖਾਈ।  ਸੈਣੀ ਘਬਰਾਏ ਹੋਇਆ ਨਜ਼ਰ ਆਇਆ।

ਕਾਲੇ ਰੰਗ ਦੇ ਪੈਂਟ ਕੋਟ ਵਿੱਚ ਮੂੰਹ ’ਤੇ ਰੁਮਾਲ ਬੰਨ੍ਹ ਕੇ ਆਏ ਸੈਣੀ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ। ਦੱਸਣਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ’ਚੋਂ ਆਰਜ਼ੀ ਜ਼ਮਾਨਤ ਕਰਵਾਉਣ ਦੇ ਬਾਵਜੂਦ ਸੈਣੀ ਜਾਂਚ ਵਿੱਚ ਸ਼ਾਮਲ ਹੋਣ ਤੋਂ ਟਾਲਾ ਵੱਟਦੇ ਆ ਰਹੇ ਸਨ। ਜਦਕਿ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਣ ਸਮੇਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ।

ਮੁਹਾਲੀ ਪੁਲੀਸ ਨੇ 21 ਸਤੰਬਰ ਨੂੰ ਸੈਣੀ ਨੂੰ ਨੋਟਿਸ ਭੇਜ ਕੇ 23 ਸਤੰਬਰ ਨੂੰ ਸਿੱਟ ਸਾਹਮਣੇ ਪੇਸ਼ ਹੋਣ ਲਈ ਆਖਿਆ ਸੀ ਪਰ ਉਹ ਉਸ ਦਿਨ ਥਾਣੇ ਨਹੀਂ ਪਹੁੰਚੇ ਤੇ ਦੋ ਦਿਨਾਂ ਮਗਰੋਂ 25 ਸਤੰਬਰ ਨੂੰ ਚੁੱਪ ਚੁਪੀਤੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਗਏ।

Leave a Reply

Your email address will not be published. Required fields are marked *