India Religion

DSGMC ਨੂੰ ਮਿਲਿਆ ਨਵਾਂ ਪ੍ਰਧਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਚੋਣ ਵਿੱਚ ਅਕਾਲੀ ਲੀਡਰ ਹਰਮੀਤ ਸਿੰਘ ਕਾਲਕਾ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਉਹਨਾਂ ਨੂੰ ਕੁੱਲ 29 ਵੋਟਾਂ ਹਾਸਿਲ ਹੋਈਆਂ ਹਨ ਇੱਕ ਵੋਟ ਰਾਖਵੀਂ ਰੱਖੀ ਗਈ ਹੈ। ਕੱਲ੍ਹ ਹੋਏ ਹੰਗਾਮੇ ਤੋਂ ਬਾਅਦ ਅੱਧੀ ਰਾਤ ਨੂੰ ਮੁੜ ਵੋਟਿੰਗ ਸ਼ੁਰੂ ਕਰਵਾਈ ਗਈ ਸੀ। ਹਾਲਾਂਕਿ, ਡਾਇਰੈਕਟਰ ਗੁਰਦੁਆਰਾ ਚੋਣਾਂ ਵੱਲੋਂ ਰਸਮੀ ਐਲਾਨ ਕੀਤਾ ਜਾਣਾ ਹਾਲੇ ਬਾਕੀ ਹੈ। ਵੋਟ ਪਾਉਣ ਵਾਲਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਸਨ। ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਬਾਕੀ ਮੈਂਬਰਾਂ ਸਮੇਤ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਚੋਣ ਦਾ ਬਾਈਕਾਟ ਕੀਤਾ ਅਤੇ ਦਿੱਲੀ ਪੁਲਿਸ ‘ਤੇ ਧੱਕਾਜੋਰੀ ਦਾ ਇਲਜ਼ਾਮ ਲਾਇਆ।

ਹਰਮੀਤ ਸਿੰਘ ਕਾਲਕਾ ਦੇ ਪ੍ਰਧਾਨ ਬਣਨ ਤੋਂ ਇਲਾਵਾ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਚੁਣੇ ਗਏ ਹਨ। ਹਰਵਿੰਦਰ ਸਿੰਘ ਕੇ ਪੀ ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਣਾ ਜੂਨੀਅਰ ਮੀਤ ਪ੍ਰਧਾਨ ਅਤੇ ਜਸਮੇਨ ਸਿੰਘ ਨੋਨੀ ਜੁਆਇੰਟ ਸਕੱਤਰ ਚੁਣੇ ਗਏ ਹਨ। ਇਸ ਤੋਂ ਇਲਾਵਾ 10 ਮੈਂਬਰੀ ਕਾਰਜਕਾਰਨੀ ਵਿੱਚ ਬੀਬੀ ਰਣਜੀਤ ਕੌਰ, ਵਿਕਰਮ ਸਿੰਘ ਰੋਹਿਣੀ, ਭੁਪਿੰਦਰ ਸਿੰਘ ਭੁੱਲਰ ਅਤੇ ਹੋਰ ਮੈਂਬਰ ਚੁਣੇ ਗਏ ਹਨ।

ਕੀ ਹੈ ਮਾਮਲਾ ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਚੋਣ ‘ਚੋਣ ਅਖਾੜਾ’ ਬਣ ਗਈ ਸੀ। ਦਰਅਸਲ, ਸ਼ਨਿਚਵਾਰ ਨੂੰ ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਗੁਰਦੁਆਰਾ ਚੋਣ ਡਾਇਰਕੈਟਰ ਨਰਿੰਦਰ ਸਿੰਘ ਦੇ ਆਦੇਸ਼ ’ਤੇ ਚੋਣ ਕਰਵਾਈ ਜਾ ਰਹੀ ਸੀ। ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ ਦੇ ਮੈਂਬਰ ਚੋਣ ਮੈਦਾਨ ’ਚ ਸਨ। ਭਾਜਪਾ ’ਚ ਗਏ ਮਨਜਿੰਦਰ ਸਿੰਘ ਸਿਰਸਾ ਧੜੇ ਨੇ ਆਪਣਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਸੀ।

ਚੋਣ ਆਰੰਭ ਹੁੰਦਿਆਂ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰੋ-ਟੈਂਪੂ ਚੇਅਰਮੈਨ ਲਾਇਆ ਗਿਆ ਤਾਂ ਮੈਂਬਰਾਂ ਨੇ ਉਨ੍ਹਾਂ ਦੇ ਨਾਂ ‘ਤੇ ਇਤਰਾਜ਼ ਪ੍ਰਗਟ ਕੀਤਾ। ਫੇਰ ਅਕਾਲੀ ਦਲ ਨੇ ਗੁਰਦੇਵ ਸਿੰਘ ਨੂੰ ਪ੍ਰੋ-ਟੈਂਪੂ ਚੇਅਰਮੈਨ ਲਾਇਆ। ਮਾਮਲਾ ਉਦੋਂ ਉਲਝ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੈਂਬਰ ਸੁਖਬੀਰ ਸਿੰਘ ਕਾਲੜਾ ਨੇ ਆਪਣੀ ਵੋਟ ਸੰਗਤਾਂ ਨੂੰ ਦਿਖਾ ਕੇ ਪਾਈ ਤਾਂ ਇੱਕੋ ਦਮ ਚਾਰੇ ਪਾਸੇ ਰੌਲਾ ਪੈ ਗਿਆ। ਇਸ ਚੋਣ ’ਚ 51 ਮੈਂਬਰਾਂ ਨੇ ਆਪਣੀ ਵੋਟ ਦੀ ਵਰਤੋਂ ਕਰਨੀ ਸੀ। ਪਰ ਅਜੇ ਤਿੰਨ ਵੋਟਾਂ ਹੀ ਪਈਆਂ ਸਨ ਕਿ ਮਾਮਲਾ ਇਕਦਮ ਉਲਝ ਗਿਆ। ਇਸ ਵਿਚਕਾਰ ਕਾਫ਼ੀ ਸਮੇਂ ਤੱਕ ਵੋਟਿੰਗ ਰੁਕੀ ਰਹੀ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਗੁਰਦੁਆਰਾ ਚੋਣ ਡਾਇਰੈਕਟਰ ਨਾਲ ਇਸ ਬਾਰੇ ਬਹਿਸ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਬਾਦਲ ਧੜੇ ਨੇ ਹੱਥ ਖੜ੍ਹੇ ਕਰਵਾ ਕੇ ਵੋਟਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਤਾਂ ਵਿਰੋਧੀ ਧਿਰ ਵੱਲੋਂ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਗੁਰਦੁਆਰਾ ਐਕਟ ’ਚ ਇਸ ਗੱਲ ਦੀ ਸਹੂਲਤ ਨਹੀਂ ਹੈ। ਐਕਟ ਅੰਦਰ ਗੁਪਤ ਵੋਟਿੰਗ ਕਰਵਾਉਣ ਦੀ ਸਹੂਲਤ ਹੈ ਪਰ ਬਾਦਲ ਧੜੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ’ਚ ਕਮੇਟੀ ਮੈਂਬਰ ਆਪਸ ਵਿੱਚ ਉਲਝਦੇ ਹੋਏ ਨਜ਼ਰ ਆਏ। ਬਾਦਲ ਧੜੇ ਨਾਲ ਸਬੰਧਿਤ ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਬੇਅਦਬੀ ਦੀ ਗੱਲ ਕਰਦੇ ਹੋਏ ਕਮਰੇ ’ਚੋਂ ਬਾਹਰ ਆ ਗਏ। ਮਾਹੌਲ ਗਰਮ ਹੁੰਦਾ ਦੇਖ ਕੇ ਗੁਰਦੁਆਰਾ ਚੋਣ ਡਾਇਰੈਕਟਰ ਨੇ ਹੋਰ ਪੁਲਿਸ ਫੋਰਸ ਮੰਗਵਾ ਲਈ।

ਹਰਮੀਤ ਸਿੰਘ ਕਾਲਕਾ ਤੇ ਪਰਮਜੀਤ ਸਿੰਘ ਸਰਨਾ ਦੇ ਹਮਾਇਤੀਆਂ ਵਿਚਾਲੇ ਬਹਿਸਬਾਜ਼ੀ ਮਗਰੋਂ ਜੋ ਵੋਟਿੰਗ ਰੋਕ ਦਿੱਤੀ ਗਈ ਸੀ, ਉਹ ਅੱਧੀ ਰਾਤ ਨੂੰ ਪੁਲਿਸ ਵੱਲੋਂ ਸਰਨਾ ਦਲ ਦੇ ਮੈਂਬਰਾਂ ਨੂੰ ਕਾਨਫਰੰਸ ਹਾਲ ਤੋਂ ਬਾਹਰ ਕੱਢਣ ਮਗਰੋਂ ਮੁੜ ਸ਼ੁਰੂ ਹੋ ਗਈ। ਪੁਲਿਸ ਵੱਲੋਂ ਸਰਨਾ ਦਲ ਦੇ ਮੈਂਬਰਾਂ ਨੂੰ ਵਾਰ-ਵਾਰ ਵੋਟਿੰਗ ਹੋਣ ਦੇਣ ਦੀ ਅਪੀਲ ਕੀਤੀ ਗਈ ਪਰ ਉਹਨਾਂ ਨੇ ਇੱਕ ਨਾ ਸੁਣੀ। ਹਾਲਾਂਕਿ ਮਨਜੀਤ ਸਿੰਘ ਜੀ ਕੇ ਨੇ ਵੀ ਦੋਸ਼ ਲਾਇਆ ਕਿ ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਮਿਲੀਭੁਗਤ ਨਾਲ ਪੁਲਿਸ ਦੀ ਮਦਦ ਲੈ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਦੇਰ ਰਾਤ ਭਾਰੀ ਪੁਲਿਸ ਫੋਰਸ ਕਮੇਟੀ ਦਫਤਰ ਵਿੱਚ ਤਾਇਨਾਤ ਕੀਤੀ ਗਈ। ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ 1987 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਮੇਟੀ ਦਫਤਰ ਵਿੱਚ ਇਸ ਤਰੀਕੇ ਪੁਲਿਸ ਵੱਡੀ ਗਿਣਤੀ ਵਿੱਚ ਪਹੁੰਚੀ ਹੋਵੇ। ਸੂਤਰਾਂ ਮੁਤਾਬਕ ਚੋਣਾਂ ਵਿੱਚ ਆਹਮੋ ਸਾਹਮਣੇ ਹੋਏ ਹਰਮੀਤ ਸਿੰਘ ਕਾਲਕਾ ਤੇ ਪਰਮਜੀਤ ਸਿੰਘ ਸਰਨਾ ਦੇ ਧੜੇ ਆਪੋ-ਆਪਣੇ ਸਟੈਂਡ ’ਤੇ ਅੜੇ ਹੋਏ ਹਨ। ਅਸਲ ਵਿੱਚ ਮਾਮਲਾ ਸੁਖਬੀਰ ਸਿੰਘ ਕਾਲੜਾ ਵੱਲੋਂ ਆਪਣੀ ਵੋਟ ਪਾਉਣ ਵੇਲੇ ਬੈਲਟ ਪੇਪਰ ਆਪਣੇ ਸਾਥੀਆਂ ਨੂੰ ਵਿਖਾਉਣ ਤੋਂ ਖੜ੍ਹਾ ਹੋਇਆ, ਜਿਸ ’ਤੇ ਸਰਨਾ ਗਰੁੱਪ ਨੇ ਕਾਲੜਾ ਦੀ ਵੋਟ ਰੱਦ ਕਰਨ ਦੀ ਮੰਗ ਕੀਤੀ ਜਦਕਿ ਹਰਮੀਤ ਸਿੰਘ ਕਾਲਕਾ ਦਾ ਧੜਾ ਇਸ ਨੂੰ ਰੱਦ ਨਾ ਹੋਣ ਦੇਣ ’ਤੇ ਅੜ ਗਿਆ। ਕਾਲੜਾ ਵੋਟ ਪਾਉਣ ਵਾਲੇ ਤੀਜੇ ਮੈਂਬਰ ਸਨ।

Comments are closed.