‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਹਾਲ ਹੀ ‘ਚ ਰਾਸ਼ਟਰਪਤੀ ਚੋਣਾਂ ‘ਤੇ ਇੱਕ ਅਫ਼ਸਰ ਨੇ ਡੋਨਾਲਡ ਟਰੰਪ ‘ਤੇ ਸਵਾਲ ਚੁੱਕੇ ਗਏ ਹਨ ਜਿਸ ਪਿੱਛੋਂ ਟਰੰਪ ਨੇ ਇਸ ਸੀਨੀਅਰ ਅਫ਼ਸਰ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਾਈਬਰ ਸਕਿਊਰਿਟੀ ਐਂਡ ਇਨਫਰਾਸਟਰਕਚਰ ਏਜੰਸੀ (ਸਿਸਾ) ਦੇ ਮੁਖੀ ਕਰਿਸ ਕ੍ਰੇਬਸ ਨੂੰ ਚੋਣਾਂ ਬਾਰੇ “ਬਹੁਤ ਜ਼ਿਆਦਾ ਗ਼ਲਤ” ਟਿੱਪਣੀ ਕਰਨ ‘ਤੇ “ਬਰਖ਼ਾਸਤ” ਕਰ ਦਿੱਤਾ ਹੈ।

ਤਿੰਨ ਨਵੰਬਰ ਨੂੰ ਮੁਕੰਮਲ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਹਾਲੇ ਤੱਕ ਆਪਣੀ ਹਾਰ ਮੰਨਣ ਤੋਂ ਆਕੀ ਹਨ। ਉਹ ਬਿਨਾਂ ਸਬੂਤਾਂ ਦੇ ਵੋਟਿੰਗ ਵਿੱਚ “ਵਿਆਪਕ” ਧਾਂਦਲੀ ਹੋਣ ਦੇ ਦਾਅਵੇ ਕਰ ਰਹੇ ਹਨ। ਇਸ ਦੇ ਉਲਟ ਚੋਣ ਅਫ਼ਸਰ ਇਨ੍ਹਾਂ ਚੋਣਾਂ ਨੂੰ ਅਮਰੀਕੀ ਇਤਿਹਾਸ ਦੀਆਂ ਸਭ ਤੋਂ ਸੁਰੱਖਿਅਤ ਚੋਣਾਂ ਦੱਸ ਰਹੇ ਹਨ। ਦੱਸਣਯੋਗ ਹੈ ਕਿ ਅਫ਼ਸਰ ਕਰਿਸ ਕ੍ਰੇਬਸ ਨੇ ਵ੍ਹਾਈਟ ਹਾਊਸ ਨੂੰ ਆਪਣੀ ਸੰਸਥਾ ਦੀ ਇੱਕ ਵੈਬਸਾਈਟ ਕਾਰਨ ਖ਼ਫ਼ਾ ਕਰ ਦਿੱਤਾ, ਕਿਉਂਕਿ ਇਸ ਨੇ ਚੋਣਾਂ ਨਾਲ ਜੁੜੀਆਂ ਅਫ਼ਵਾਹਾਂ ਨੂੰ ਰੱਦ ਕੀਤਾ ਸੀ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਰਾਸ਼ਟਰਪਤੀ ਹਵਾ ਦੇ ਰਹੇ ਹਨ।

ਸੰਸਥਾ ਦੇ ਸਹਾਇਕ ਨਿਰੇਦੇਸ਼ਕ ਬ੍ਰਾਇਨ ਵੇਅਰ ਵੀ ਪਿਛਲੇ ਹਫ਼ਤੇ ਅਸਤੀਫ਼ਾ ਦੇ ਕੇ ਕੁਰਸੀ ਤੋਂ ਲਾਂਭੇ ਹੋ ਗਏ ਸਨ। ਹਾਲਾਂਕਿ ਬਰਖ਼ਾਸਤਗੀ ਝੱਲਣ ਤੋਂ ਬਾਅਦ ਵੀ ਕਰਿਸ ਨੂੰ ਆਪਣੀ ਰਾਇ ਰੱਖਣ ਬਾਰੇ ਕੋਈ ਅਫ਼ਸੋਸ ਨਹੀਂ ਦਿਖਦਾ। ਉਨ੍ਹਾਂ ਨੇ 17 ਨਵੰਬਰ ਨੂੰ ਹੀ ਇੱਕ ਟਵੀਟ ਕਰ ਕੇ ਟਰੰਪ ਦੇ ਇਨ੍ਹਾਂ ਇਲਜ਼ਾਮਾਂ ਉੱਪਰ ਨਿਸ਼ਾਨਾ ਲਾਇਆ ਸੀ ਕਿ ਕੁੱਝ ਸੂਬਿਆਂ ਵਿੱਚ ਵੋਟਿੰਗ ਮਸ਼ੀਨਾਂ ਵਿੱਚ ਉਨ੍ਹਾਂ ਦੇ ਵਿਰੋਧੀ ਜੋਅ ਬਾਇਡਨ ਦੇ ਪੱਖ ਵਿੱਚ ਵੋਟਾਂ ਪਾਈਆਂ ਗਈਆਂ ਹਨ। ਉਨ੍ਹਾਂ ਨੇ ਲਿਖਿਆ ਸੀ- “ਚੋਣ ਪ੍ਰਕਿਰਿਆ ਦੇ ਨਾਲ ਛੇੜਖਾਨੀ ਦੇ ਇਲਜ਼ਾਮਾ ਦੇ ਬਾਰੇ 59 ਚੋਣ ਸੁਰੱਖਿਆ ਮਾਹਰਾਂ ਦੀ ਇੱਕ ਰਾਇ ਹੈ ਅਤੇ ਅਜਿਹੇ ਹਰੇਕ ਮਾਮਲੇ ਵਿੱਚ ਜਿਨ੍ਹਾਂ ਦੀ ਸਾਨੂੰ ਜਾਣਕਾਰੀ ਹੈ, ਇਹ ਦਾਅਵੇ ਜਾਂ ਤਾਂ ਬੇਬੁਨਿਆਦ ਹਨ ਜਾਂ ਤਕਨੀਕੀ ਤੌਰ ਤੇ ਉਨ੍ਹਾਂ ਦਾ ਕੋਈ ਅਰਥ ਸਮਝ ਨਹੀ ਆਉਂਦਾ।” ਕਰਿਸ ਅਮਰੀਕਾ ਦੇ ਹੋਮਲੈਂਡ ਸਕਿਊਰਿਟੀ ਵਿਭਾਗ ਦੇ ਉਨ੍ਹਾਂ ਸੀਨੀਅਰ ਅਫ਼ਸਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਹਫ਼ਤੇ ਅਮਰੀਕੀ ਚੋਣਾਂ ਨੂੰ ਅਮਰੀਕੀ ਇਤਿਹਾਸ ਦੀਆਂ “ਸਭ ਤੋਂ ਸੁਰੱਖਿਅਤ ਚੋਣਾਂ” ਕਿਹਾ ਸੀ।

ਸਿਸਾ ਦੀ ਵੈਬਸਾਈਟ ਉੱਪਰ ਬਿਨਾਂ ਰਾਸ਼ਟਰਪਤੀ ਟਰੰਪ ਦਾ ਨਾਂਅ ਲਿਆਂ ਕਿਹਾ ਗਿਆ ਸੀ- “ਸਾਨੂੰ ਪਤਾ ਹੈ ਕਿ ਸਾਡੀਆਂ ਚੋਣਾਂ ਬਾਰੇ ਕਈ ਬੇਬੁਨਿਆਦ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸੀਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਚੋਣਾਂ ਦੀ ਸੁਰੱਖਿਆ ਅਤੇ ਸਚਾਈ ਉੱਪਰ ਪੂਰਾ ਭਰੋਸਾ ਹੈ ਅਤੇ ਤੁਹਾਨੂੰ ਵੀ ਕਰਨਾ ਚਾਹੀਦਾ ਹੈ।” ਕਰਿਸ ਕ੍ਰੇਬ ਨੇ ਟਵਿੱਟਰ ਉੱਪਰ ਇੱਕ ਚੋਣ ਕਾਨੂੰਨ ਮਾਹਰ ਦਾ ਟਵੀਟ ਵੀ ਰੀਟਵੀਟ ਕੀਤਾ ਜਿਸ ਵਿੱਚ ਲਿਖਿਆ ਸੀ- “ਕਿਰਪਾ ਕਰ ਕੇ ਮਸ਼ੀਨਾਂ ਬਾਰੇ ਬੇਬੁਨਿਆਦ ਦਾਅਵਿਆਂ ਨੂੰ ਰਟਵੀਟ ਨਾ ਕਰੋ, ਉਹ ਭਾਵੇਂ ਰਾਸ਼ਟਰਪਤੀ ਦੇ ਹੀ ਕਿਉਂ ਨਾ ਹੋਣ।”

ਤਾਜ਼ਾ ਰੱਦੋ-ਅਮਲ ਤੋਂ ਸੁਰੱਖਿਆ ਏਜੰਸੀਆਂ ਵਿੱਚ ਸ਼ਸ਼ੋਪੰਜ

ਅਮਰੀਕੀ ਰਾਸ਼ਟਰਪਤੀ ਵੱਲੋਂ ਆਪਣੇ ਕਾਰਜਕਾਲ ਦੇ ਆਖ਼ਰੀ ਹਫ਼ਤਿਆਂ ਦੌਰਾਨ ਮਨਮੰਨੇ ਢੰਗ ਨਾਲ ਕੀਤੀਆਂ ਜਾ ਰਹੀਆਂ ਇਨ੍ਹਾਂ ਕਾਰਵਾਈਆਂ ਕਾਰਨ ਅਮਰੀਕੀ ਪ੍ਰਸ਼ਾਸਨ ਵਿੱਚ ਸ਼ਸ਼ੋਪੰਜ ਦੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਵੱਲੋਂ ਸਿਵਲ ਸੰਸਥਾਵਾਂ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਅਤੇ ਪੈਂਟਾਗਨ ਵਿੱਚ ਵੀ ਅਜਿਹੀਆਂ ਨਿਯੁਕਤੀਆਂ ਅਤੇ ਬਰਖ਼ਾਸਤਗੀਆਂ ਕੀਤੀਆਂ ਗਈਆਂ ਹਨ।

ਹਾਲ ਹੀ ਵਿੱਚ ਅਮਰੀਕਾ ਵਿੱਚ ਨਿਯੁਕਤੀਆਂ ਅਤੇ ਬਰਖ਼ਾਸਤਗੀਆਂ ਦੀ ਲੱਗੀ ਝੜੀ ਤੋਂ ਅਤੇ ਅੱਗੋਂ ਅਜਿਹਾ ਹੀ ਘਟਨਾਕ੍ਰਮ ਜਾਰੀ ਰਹਿਣ ਦੀ ਸੰਭਾਵਨਾ ਤੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਵਿੱਚ ਡੂੰਘੀ ਸ਼ਸ਼ੋਪੰਜ ਦੀ ਸਥਿਤੀ ਪੈਦਾ ਹੋ ਗਈ ਹੈ।

ਹਾਲਾਂਕਿ ਸੁਰੱਖਿਆ ਏਜੰਸੀਆਂ ਤੋਂ ਬਾਹਰਲੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਰਾਸ਼ਟਰਪਤੀ ਟਰੰਪ ਵੱਲੋਂ ਸੱਤਾ ਉੱਪਰ ਆਪਣੀ ਜਕੜ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ। ਜਦਕਿ ਅੰਦਰੂਨੀ ਲੋਕ ਇਸ ਨੂੰ ਨਿਜੀ ਬਦਲਾਖੋਰੀ ਦੀ ਇੱਛਾ ਕਾਰਨ ਕੀਤੀਆਂ ਗਈਆਂ ਕਾਰਵਾਈਆਂ ਜਾ ਰਹੀਆਂ ਹਨ ਅਤੇ ਤਣਾਅ ਦਾ ਇਹ ਤਾਜ਼ਾ ਪੜਾਅ ਟਰੰਪ ਦੇ ਕਾਰਜਕਾਲ ਨੂੰ ਕਾਫ਼ੀ ਹੱਦ ਤੱਕ ਪਰਿਭਾਸ਼ਿਤ ਕਰੇਗਾ।

ਅਸਲੀ ਫ਼ਿਕਰ ਤਾਂ ਵੰਡ ਪਾਊ ਟਰਾਂਜ਼ਿਸ਼ਨ ਨੂੰ ਲੈ ਕੇ ਪੈਦਾ ਹੋਈ ਅਸਪਸ਼ਟਤਾ ਦੀ ਸਥਿਤੀ ਤੋਂ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੁਸ਼ਮਣ ਦੇਸ਼ ਵੀ ਇਸ ਸ਼ਸ਼ੋਪੰਜ ਦਾ ਫਾਇਦਾ ਚੁੱਕ ਸਕਦੇ ਹਨ ਜਿਵੇਂ ਕਿ ਈਰਾਨ ਜਨਰਵਰੀ ਵਿੱਚ ਅਮਰੀਕਾ ਵੱਲੋਂ ਮਾਰੇ ਗਏ ਆਪਣੇ ਫੌਜੀ ਜਨਰਲ ਦੀ ਮੌਤ ਦਾ ਬਦਲਾ ਲੈਣ ਦਾ ਇੱਛੁਕ ਹੋ ਸਕਦਾ ਹੈ।

ਇਸੇ ਦਿਸ਼ਾ ਵਿੱਚ ਸਮਝਿਆ ਜਾ ਰਿਹਾ ਹੈ ਕਿ ਪੈਂਟਾਗਨ ਵਿੱਚ ਦੇ ਸਿਖਰਲੇ ਸਿਵਲੀਅਨ ਆਗੂਆਂ ਨੂੰ ਬਦਲਣਾ (ਸੈਕਰੇਟਰੀ ਆਫ਼ ਡਿਫ਼ੈਂਸ ਸਮੇਤ) ਤਾਂ ਇੱਕ ਸ਼ੁਰੂਆਤ ਸੀ। ਕੁਝ ਮਾਮਲਿਆਂ ਵਿੱਚ ਹੋ ਸਕਦਾ ਹੈ ਇਨ੍ਹਾਂ ਦਾ ਮਕਸਦ ਆਪਣੇ ਆਖ਼ਰੀ ਦਿਨਾਂ ਦੌਰਾਨ ਕੁਝ ਨਿਸ਼ਚਿਤ ਉਦੇਸ਼ਾਂ ਦੀ ਪੂਰਤੀ ਅਤੇ ਆਪਣੇ ਫ਼ੈਸਲਿਆਂ ਦੀ ਮੁਖ਼ਾਲਫ਼ਤ ਕਰਨਾ ਹੋ ਸਕਦਾ ਹੈ। ਜਿਵੇਂ ਕਿ ਉਹ ਲੋਕ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿੱਚੋਂ ਫ਼ੌਜਾਂ ਕੱਢਣ ਦਾ ਵਿਰੋਧ ਕਰਨ ਵਾਲੇ।

ਜਦਕਿ ਕੁੱਝ ਅਬਜ਼ਰਵਰ ਇਨ੍ਹਾਂ ਕਾਰਵਾਈਆਂ ਨੂੰ ਟਰੰਪ ਅੰਦਰ ਲੰਬੇ ਸਮੇਂ ਤੋਂ ਦੱਬੇ ਹੋਏ ਗੁੱਸੇ ਦੇ ਨਤੀਜੇ ਵਜੋਂ ਦੇਖ ਰਹੇ ਹਨ। ਲੰਬੀ ਲੜਾਈ ਦੀਆਂ ਕੁੱਝ ਅੰਤਲੀਆਂ ਚਾਲਾਂ।

Leave a Reply

Your email address will not be published. Required fields are marked *