‘ਦ ਖ਼ਾਲਸ ਬਿਊਰੋ:- ਬਲਾਤਕਾਰੀ ਡੇਰਾ ਮੁਖੀ ਰਾਮ ਰਹੀਮ ਦੇ ਪੁਸ਼ਾਕ ਮਾਮਲੇ ਦਾ ਵਿਵਾਦ ਸ੍ਰੋਮਣੀ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਹੁਣ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਥਿਤੀ ਸਪੱਸ਼ਟ ਕਰਨ ਬਾਰੇ ਕਿਹਾ ਹੈ।

 

ਪ੍ਰਗਟ ਸਿੰਘ ਨੇ ਕਿਹਾ ਕਿ “ਡੇਰਾ ਮੁਖੀ ਖ਼ਿਲਾਫ਼ ਸਾਲ 2007 ’ਚ ਸਵਾਂਗ ਰਚਣ ਦਾ ਮਾਮਲਾ ਦਰਜ ਹੋਇਆ ਸੀ, ਪਰ ਉਸ ਵਿਰੁੱਧ ਚਲਾਨ ਪੇਸ਼ ਨਹੀਂ ਕੀਤਾ ਗਿਆ। ਬਾਦਲ ਸਰਕਾਰ ਨੇ ਡੇਰਾ ਮੁਖੀ ਵਿਰੁੱਧ ਪੰਜ ਸਾਲ ਤੱਕ ਚਲਾਨ ਪੇਸ਼ ਕਰਨ ਦੀ ਥਾਂ ਕੇਸ ਰੱਦ ਕਰਨ ਦੀ ਅਰਜ਼ੀ ਕਿਉਂ ਦਾਇਰ ਕੀਤੀ ਸੀ? ਇੰਨੇ ਚਰਚਿਤ ਕੇਸ ’ਚ ਚਲਾਨ ਪੇਸ਼ ਨਾ ਹੋਣਾ ਸ਼ੰਕੇ ਜ਼ਰੂਰ ਖੜ੍ਹੇ ਕਰਦਾ ਹੈ”।

 

ਉਹਨਾਂ ਕਿਹਾ ਕਿ “ਪੁਸ਼ਾਕ ਬਾਰੇ ਜਾਂਚ ਕਿਉਂ ਨਹੀਂ ਕੀਤੀ ਗਈ। ਪੰਜਾਬ ਪੁਲੀਸ ਨੇ ਚੁੱਪ-ਚੁਪੀਤੇ 27 ਜਨਵਰੀ 2012 ਨੂੰ ਬਠਿੰਡਾ ਅਦਾਲਤ ਵਿੱਚ ਕੇਸ ਰੱਦ ਕਰਨ ਦੀ ਅਰਜ਼ੀ ਦਾਇਰ ਕਰ ਦਿੱਤੀ, ਜਿਸ ਨੂੰ ਅਦਾਲਤ ਨੇ ਅਗਸਤ 2014 ਵਿੱਚ ਸਵੀਕਾਰ ਕਰ ਲਿਆ। ਜਦਕਿ ਹਾਈ ਕੋਰਟ ਵਿੱਚ IG ਪੱਧਰ ਦੇ ਅਧਿਕਾਰੀ ਨੇ ਇਹ ਹਲਫ਼ਨਾਮਾ ਦਾਇਰ ਕੀਤਾ ਸੀ ਕਿ ਡੇਰਾ ਮੁਖੀ ਵਿਰੁੱਧ ਪੁਖ਼ਤਾ ਲੋੜੀਂਦੇ ਸਬੂਤ ਹਨ”। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਮਰੱਥਕਾਂ ਦੀਆਂ ਵੋਟਾਂ ਦੀ ਖਾਤਰ ਡੇਰਾ ਮੁਖੀ ਨੂੰ ਬਚਾਇਆ ਸੀ। ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਨੇ 2007 ਵਿੱਚ ਡੇਰਾ ਮੁਖੀ ’ਤੇ ਸ਼ਿਕੰਜਾ ਕੱਸਿਆ ਹੁੰਦਾ ਤਾਂ ਬੇਅਦਬੀ ਵਰਗੀਆਂ ਘਟਨਾਵਾਂ ਵੀ ਨਾ ਵਾਪਰਦੀਆਂ।

Leave a Reply

Your email address will not be published. Required fields are marked *