Punjab

ਹਜ਼ਾਰਾਂ ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ ਡੇਰਾ ਬਿਆਸ ਮੁਖੀ ਦੀ ਜ਼ਮਾਨਤ ਰੱਦ

‘ਦ ਖ਼ਾਲਸ ਬਿਊਰੋ:- ਦਿੱਲੀ ਹਾਈਕੋਰਟ ਨੇ ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਡੇਰਾ ਮੁਖੀ ਨੇ ਇਨਕਮ ਟੈਕਸ ਰਿਟਰਨ ਅਤੇ ਬੈਂਕ ਸਟੇਟਮੈਂਟ ਦਾਖਲ ਕਰਨ ਵਿੱਚ ਛੋਟ ਮੰਗੀ ਸੀ। ਗੁਰਿੰਦਰ ਸਿੰਘ ਢਿੱਲੋਂ  ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਕਮ ਟੈਕਸ ਰਿਟਰਨ ਅਤੇ ਬੈਂਕ ਸਟੇਟਮੈਂਟ ਦਾਖਲ ਕਰਨ ‘ਚ ਛੋਟ ਦੇਣੀ ਚਾਹੀਦੀ ਹੈ।

ਇਸ ਮਾਮਲੇ ‘ਤੇ ਜਸਟਿਸ ਰੇਖਾ ਪੱਲੀ ਨੇ ਸਪੱਸ਼ਟ ਕੀਤਾ ਕਿ ਟੈਕਸ ਰਿਟਰਨ, ਬੈਂਕ ਸਟੇਟਮੈਂਟ ਅਤੇ ਬੈਲੇਂਸ ਸ਼ੀਟ ਸਮੇਤ ਹੋਰ ਦਸਤਾਵੇਜ਼ ਜ਼ਰੂਰੀ ਹਨ ਤਾਂ ਜੋ ਆਰ.ਐੱਸ.ਸੀ. ਹੋਲਡਿੰਗਜ਼ ਦੇ ਮਾਲਕ ਮਾਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਸ਼ਵਿੰਦਰ ਸਿੰਘ ਦੇ ਪ੍ਰਤੀ ਉਨ੍ਹਾਂ ਦੀ ਦੇਣਦਾਰੀ ਸਪੱਸ਼ਟ ਕੀਤੀ ਜਾ ਸਕੇ।

ਪਟੀਸ਼ਨ ਵਿੱਚ ਡੇਰਾ ਮੁਖੀ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਨਿੱਜੀ ਜਾਣਕਾਰੀ ਹੈ ਅਤੇ ਗੋਪਨੀਯਤਾ ਬਣਾਈ ਰੱਖਣ ਲਈ ਉਨ੍ਹਾਂ ਨੂੰ ਉਕਤ ਦਸਤਾਵੇਜ਼ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਦਿੱਲੀ ਦੀ ਅਪਰਾਧਕ ਸ਼ਾਖਾ ਨੇ 1 ਹਜ਼ਾਰ ਕਰੋੜ ਤੋਂ ਵੱਧ ਧੋਖਾਧੜੀ ਦੇ ਮਾਮਲੇ ਵਿੱਚ ਡੇਰਾ ਮੁਖੀ ਤੋਂ ਵੇਰਵੇ ਮੰਗੇ ਸੀ।