India Punjab

ਹਰਿਆਣਾ ਦੇ ਉਪ ਮੁੱਖ ਮੰਤਰੀ ਨੂੰ ਜਾਗਿਆ ਕਿਸਾਨਾਂ ਦਾ ਹੇਜ਼, PM ਨੂੰ ਲਿਖੀ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਯੰਤ ਚੋਟਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨੀ ਅੰਦੋਲਨ ਬਾਰੇ ਇੱਕ ਚਿੱਠੀ ਲਿਖੀ ਹੈ। ਚੋਟਾਲਾ ਨੇ ਚਿੱਠੀ ਵਿੱਚ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਨਾਲ ਹੀ ਮਸਲੇ ਦਾ ਹੱਲ ਨਿਕਲੇਗਾ। ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸੀਨੀਅਰ ਮੰਤਰੀਆਂ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਚੋਟਾਲਾ ਨੇ ਕਿਹਾ ਕਿ ਕਿਸਾਨਾਂ ਦਾ ਸੜਕਾਂ ‘ਤੇ ਬੈਠਣਾ ਮੰਦਭਾਗਾ ਹੈ।

ਉੱਧਰ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਮੋਰਚੇ ਬਾਰੇ ਕਿਸਾਨਾਂ ਨੂੰ ਆਪਣੀ ਨਸੀਹਤ ਦਿੰਦਿਆਂ ਉਨ੍ਹਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੀਆਂ ਕੁੱਝ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਅਤੇ ਅੰਦੋਲਨ ਕਰਨਾ ਲੋਕਤੰਤਰਿਕ ਅਧਿਕਾਰ ਹੈ ਪਰ ਜਦੋਂ ਕਿਤੇ ਇਸ ਲੋਕਤੰਤਰ ਨੂੰ ਤੋੜਿਆ ਜਾਂਦਾ ਹੈ, ਉਸ ਸਮੇਂ ਪ੍ਰਸ਼ਾਸਨ ਨੂੰ ਵੀ ਕਠਿਨਾਈ ਹੁੰਦੀ ਹੈ ਅਤੇ ਸਰਕਾਰ ਨੂੰ ਵੀ ਕਠਿਨਾਈ ਹੁੰਦੀ ਹੈ।

ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਇਕੱਠੇ ਹੋਏ ਹਨ ਅਤੇ ਇੰਨੇ ਇਕੱਠ ਵਿੱਚ ਕਰੋਨਾ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇੰਨੇ ਇਕੱਠ ਵਿੱਚ ਪਤਾ ਵੀ ਨਹੀਂ ਚੱਲਦਾ ਕਿ ਕੌਣ ਕਰੋਨਾ ਪਾਜ਼ੀਟਿਵ ਹੋ ਗਿਆ ਹੈ। ਕਰੋਨਾ ਮਹਾਂਮਾਰੀ ਕੋਈ ਵਿਵਾਦ ਨਹੀਂ ਹੈ, ਇਹ ਸਾਰੀ ਦੁਨੀਆ ਦਾ ਸੰਕਟ ਹੈ। ਇਹ ਸੰਕਟ ਸਾਡੇ ਅੰਦਰ ਵੀ ਆ ਸਕਦਾ ਹੈ। ਜੇ ਸਾਡੀ ਜਾਨ ਨਾ ਬਚੀ ਤਾਂ ਸਾਡੀਆਂ ਸਾਰੀਆਂ ਮੰਗਾਂ ਦਾ ਕੋਈ ਅਰਥ ਨਹੀਂ ਬਚੇਗਾ।