Punjab

ਕਿਸਾਨਾਂ ਦੇ ਹੜ੍ਹ ਮੂਹਰੇ ਝੁਕੀ ਮੋਦੀ ਸਰਕਾਰ, ਦਿੱਲੀ ‘ਚ ਰੈਲੀ ਦੀ ਦਿੱਤੀ ਇਜਾਜ਼ਤ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਰੈਲੀ ਦੀ ਆਗਿਆ ਦੇ ਦਿੱਤੀ ਹੈ। ਨਿਊਜ਼ 18 ਚੈਨਲ ਦੀ ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਲ ਸਿੰਘ ਰਾਜੇਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦਿੱਲੀ ਰੈਲੀ ਲਈ ਰਾਮਲੀਲਾ ਗਰਾਉਂਡ ਦੀ ਥਾਂ ਬੁਰਾੜੀ ਮੈਦਾਨ ਦੇ ਨਿਰੰਕਾਰੀ ਸਮਾਗਮ ਗਰਾਊਂਡ ਵਿੱਚ ਜਗ੍ਹਾ ਦਿੱਤੀ ਗਈ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਲਈ ਬਣੀ ਕਮੇਟੀ ਵਿੱਚ ਰਾਜੇਵਾਲ ਨੁਮਾਇੰਦੇ ਦੇ ਤੌਰ ਉੱਤੇ ਸ਼ਾਮਲ ਹਨ।

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਰਾਮਲੀਲਾ ਗਰਾਊਂਡ ਰੈਲੀ ਲਈ ਛੋਟਾ ਸੀ, ਜਿਸ ਕਰਕੇ ਦਿੱਲੀ ਦੇ ਬੁਰਾਰੀ ਮੈਦਾਨ ਵਿੱਚ ਰੈਲੀ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸਦੀ ਆਗਿਆ ਮਿਲਣ ਤੋਂ ਬਾਅਦ ਪੁਲਿਸ ਰਸਤੇ ਵਿੱਚ ਕਿਸਾਨਾਂ ਨੂੰ ਨਹੀਂ ਰੋਕ ਰਹੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਜਗਮੋਹਣ ਸਿੰਘ ਨੇ ਕਿਹਾ ਕਿ ਅਸੀਂ ਦਿੱਲੀ ਰੈਲੀ ਕਰਨ ਲਈ ਨਹੀਂ ਚੱਲੇ ਜੋ ਇੱਕ-ਦੋ ਦਿਨ ਬਾਅਦ ਵਾਪਿਸ ਚਲੇ ਜਾਵਾਂਗੇ। ਅਸੀਂ ਦਿੱਲੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਾ ਰਹੇ ਹਾਂ ਅਤੇ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ ਵੀ ਲੈ ਕੇ ਆਏ ਹਾਂ। ਇਸ ਲਈ ਅਸੀਂ ਦਿੱਲੀ ਤੋਂ ਕਾਨੂੰਨ ਰੱਦ ਕਰਵਾ ਕੇ ਹੀ ਵਾਪਿਸ ਜਾਵਾਂਗੇ।