India Punjab

ਖੇਤੀ ਕਾਨੂੰਨਾਂ ਦੇ ਵਿਰੋਧ ’ਚ UP ਤੋਂ ਨੰਗੇ ਪਿੰਡੇ ਦਿੱਲੀ ਕੂਚ ਕਰ ਰਹੇ ਕਿਸਾਨ, ਵੇਖੋ ਵੀਡੀਓ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦੇਸ਼ਭਰ ਵਿੱਚੋਂ ਕਿਸਾਨ ਅੰਦੋਲਨ ਦੀ ਗੂੰਜ ਆ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਹੁਣ ਉੱਤਰ ਪ੍ਰਦੇਸ਼ ਤੋਂ ਕਈ ਕਿਸਾਨ ਦਿੱਲੀ ਪਹੁੰਚ ਰਹੇ ਹਨ। ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਇਹ ਕਿਸਾਨ ਕੱਪੜੇ ਉਤਾਰ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਦਿੱਲੀ ਕੂਚ ਕਰ ਰਹੇ ਹਨ। ਬੀਜੇਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੂਬੇ ਤੋਂ ਕਿਸਾਨਾਂ ਦਾ ਦਿੱਲੀ ਕੂਚ ਕਰਨਾ ਬੀਜੇਪੀ ਲਈ ਚਿੰਤਾ ਦਾ ਵਿਸ਼ਾ ਹੈ।

ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਐਤਵਾਰ ਨੂੰ ਉੱਤਰ ਪ੍ਰਦੇਸ਼ ਦੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਦਾ ਸਮਰਥਨ ਮਿਲਿਆ ਹੈ। ਇਨ੍ਹਾਂ ਕਿਸਾਨਾਂ ਨੇ ਦਸੰਬਰ ਦੇ ਮਹੀਨੇ ਦਿੱਲੀ ‘ਚ ਪੈ ਰਹੀ ਕੜਾਕੇ ਦੀ ਠੰਢ ‘ਚ ਨੰਗੇ ਪਿੰਡੇ ਕਾਲਿੰਦੀ ਕੁੰਜ ਬਾਰਡਰ ਤੋਂ ਦਿੱਲੀ ਵੱਲ ਕੂਚ ਕੀਤਾ ਹੈ।

ਨਿਊਜ਼ ਏਜੰਸੀ ਏਐਨਆਈ ਨੇ ਭਾਰਤੀ ਕਿਸਾਨ ਯੂਨੀਅਨ (ਲੋਕਸ਼ਕਤੀ) ਦੇ ਮੈਂਬਰਾਂ ਦੀ ਇੱਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ‘ਚ ਜੱਥੇਬੰਦੀ ਦੇ ਸਾਰੇ ਕਿਸਾਨ ਨੰਗੇ ਪਿੰਡੇ ਨਜ਼ਰ ਆ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀ ਦਿੱਲੀ ਬਾਰਡਰ ‘ਤੇ ਪਿਛਲੇ 11 ਦਿਨ ਤੋਂ ਧਰਨੇ ‘ਤੇ ਬੈਠੇ ਕਿਸਾਨ ਭਰਾਵਾਂ ਨੂੰ ਸਮਰਥਨ ਦੇਣ ਆਏ ਹਾਂ। ਇਸ ਦੌਰਾਨ ਪੁਲਿਸ ਨੂੰ ਨੋਇਡਾ-ਦਿੱਲੀ ਹਾਈਵੇਅ ਨੂੰ ਬੰਦ ਕਰਨਾ ਪਿਆ, ਜਿਸ ਕਾਰਨ ਇਸ ਰੂਟ ‘ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਯਾਦ ਰਹੇ 8 ਦਸੰਬਰ ਮਤਲਬ ਮੰਗਲਵਾਰ ਨੂੰ ਕਿਸਾਨਾਂ ਨੇ ‘ਭਾਰਤ ਬੰਦ’ ਦਾ ਐਲਾਨ ਕੀਤਾ ਹੈ। ਕਿਸਾਨਾਂ ਨੂੰ ਕਈ ਸਿਆਸੀ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਅਤੇ ਇੰਡੀਅਨ ਟੂਰਿਸਟ ਟਰਾਂਸਪੋਰਟ ਐਸੋਸੀਏਸ਼ਨ ਨੇ ਵੀ 8 ਦਸੰਬਰ ਦੇ ਭਾਰਤ ਬੰਦ ‘ਚ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਜਾਣ ਵਾਲੇ ਬਹੁਤ ਸਾਰੇ ਵੱਡੇ ਰਸਤੇ ਬੰਦ ਹੋ ਗਏ ਹਨ। ਦਿੱਲੀ ਟ੍ਰੈਫਿਕ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਚਿੱਲਾ ਬਾਰਡਰ ਬੰਦ ਕਰ ਦਿੱਤਾ ਗਿਆ ਹੈ। ਮੁਕਾਰਬਾ ਅਤੇ ਜੀਟੀਕੇ ਰੋਡ ‘ਤੇ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।

ਦਿੱਲੀ ਟ੍ਰੈਫਿਕ ਪੁਲਿਸ ਨੇ ਆਊਟਰ ਰਿੰਗ ਰੋਡ, ਜੀਟੀਕੇ ਰੋਡ ਅਤੇ ਐਨਐਚ 44 ਰਾਹੀਂ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਐਨਐਚ 44 ‘ਤੇ ਸਿੰਘੂ, ਔਚੰਡੀ, ਪਿਆਓ ਮਨਿਆਰੀ ਅਤੇ ਮੰਗੇਸ਼ ਬਾਰਡਰ ਦੋਵਾਂ ਪਾਸਿਆਂ ਤੋਂ ਬੰਦ ਹਨ।

Comments are closed.