India

BJP ਵੱਲੋਂ ਦਿੱਲੀ ਨਗਰ ਨਿਗਮ ‘ਚ ਨਵੇਂ ਪੇਸ਼ੇਵਰ ਟੈਕਸ ਦਾ ਕੀਤਾ ਐਲਾਨ, ‘AAP ਵੱਲੋਂ ਕੱਢੇ ਰੋਸ ਮੁਜਾਹਰੇ

‘ਦ ਖ਼ਾਲਸ ਬਿਊਰੋ :- ਦਿੱਲੀ ਦੀ ਦੱਖਣੀ ਨਗਰ ਨਿਗਮ ਜੋ ਕਿ ਭਾਜਪਾ ਦੇ ਅੰਦਰ ਆਉਂਦੀ ਹੈ, ਵੱਲੋਂ ਅੱਜ 30 ਜੁਲਾਈ ਨੂੰ ਨਵੇਂ ਪੇਸ਼ੇਵਰ ਟੈਕਸ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਰੋਸ ਮਾਰਚ ਕੱਢਿਆ ਗਿਆ ਹੈ। ਪਾਰਟੀ ਦੀ PAC ਮੈਂਬਰ ਦੁਰਗੇਸ਼ ਪਾਠਕ ਦੀ ਅਗਵਾਈ ਹੇਠ ਇਹ ਮਾਰਚ ‘ਆਪ’ ਦੇ ਹੈੱਡਕੁਆਟਰ ਤੋਂ ਸ਼ੁਰੂ ਹੋ ਕੇ ਭਾਜਪਾ ਦੇ ਹੈੱਡਕੁਆਟਰ ‘ਦੀਨ ਦਿਆਲ ਉਪਧਿਆਏ’ ਮਾਰਗ ਵੱਲ ਵਧਿਆ, ਪਰ ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ‘ਚ ਹੀ ਡੱਕ ਲਿਆ। ਜੋ ਜ਼ਬਰਦਸਤੀ ਅੱਗੇ ਵਧਣਾ ਚਾਹੁੰਦੇ ਸਨ ਉਨ੍ਹਾਂ ਨੂੰ ਗ੍ਰਿਫ਼ਤਾਰ ਰਾਜਿੰਦਰ ਨਗਰ ਥਾਣੇ ਲੈ ਜਾਇਆ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਨੂੰ ਬਾਅਦ ‘ਚ ਛੱਡ ਦਿੱਤਾ ਗਿਆ।

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਦੀ ਅਗਵਾਈ ਵਾਲੇ ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਕਈ ਪੇਸ਼ੇਵਰ ਕਰ ਕੋਰੋਨਾ ਸੰਕਟ ਦੌਰਾਨ ਲੋਕਾਂ ਉਪਰ ਲੱਦ ਦਿੱਤੇ ਹਨ, ਜਿਸ ਕਰਕੇ ਉਨ੍ਹਾਂ ਦੀਆਂ ਜੇਬਾਂ ਉਪਰ ਅਸਰ ਪਵੇਗਾ। ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਦਨ ਤੋਂ ਲੈ ਕੇ ਸੜਕਾਂ ਤੱਕ ਪ੍ਰਦਰਸ਼ਨ ਕੀਤਾ ਜਾਵੇਗਾ। ‘ਆਪ’ ਦੇ ਕੌਂਸਲਰਾਂ ਵੱਲੋਂ ਨਵੇਂ ਟੈਕਸਾਂ ਦੀ ਖ਼ਿਲਾਫ਼ਤ ਸਦਨ ਦੇ ਅੰਦਰ ਜ਼ੋਰਦਾਰ ਤਰੀਕੇ ਨਾਲ ਕੀਤੀ ਜਾਵੇਗੀ। ਦੱਖਣੀ ਦਿੱਲੀ ਨਗਰ ਨਿਗਮ ਦੇ ਇਸ ਫ਼ੈਸਲੇ ਨਾਲ ਲੋਕਾਂ ਲਈ ਹੋਰ ਮੁਸੀਬਤ ਬਣ ਜਾਵੇਗੀ, ਜੋ ਪਹਿਲਾਂ ਕੀ ਕੋਰੋਨਾ ਕਾਲ ਦੇ ਸਤਾਏ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਕਰ ਵਾਪਸ ਲੈਣ ਲਈ ਮਜ਼ਬੂਰ ਕਰਨ ਦੀ ਪੂਰੀ ਵਾਹ ਲਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਦੱਖਣੀ ਦਿੱਲੀ ਨਗਰ ਨਿਗਮ ਨੇ 27 ਜੁਲਾਈ ਨੂੰ ਤਨਖ਼ਾਹਾਂ ਵਾਲੇ ਵਿਅਕਤੀਆਂ ਤੇ ਹੋਰਾਂ ਉਪਰ ਪੇਸ਼ੇਵਰ ਕਰ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ‘ਆਪ’ ਕੌਂਸਲਰਾਂ ਨੇ ਵਿਰੋਧ ਕੀਤਾ ਅਤੇ ਨਾਲ ਹੀ ਪ੍ਰਾਪਰਟੀ ਟਰਾਂਸਫਰ ਕਰ ‘ਚ ਵਾਧੇ ਨੂੰ ਸਦਨ ਵਿੱਚ ਪ੍ਰਵਾਨਗੀ ਦੇਣ ਤੋਂ ‘ਆਪ’ ਖਫ਼ਾ ਹੈ।

ਕੇਂਦਰ ਸਰਕਾਰ ਦੀ ਲਾਪ੍ਰਵਾਹੀ ਕਾਰਨ ਕੋਰੋਨਾ ਫੈਲਿਆ

ਦਿੱਲੀ ਦੇ ਕਨਾਟ ਪਲੇਸ (CP) ਵਿਖੇ ਭਾਰਤੀ ਯੂਥ ਕਾਂਗਰਸ ਵੱਲੋਂ ਦੇਸ਼ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ ਹੋ ਜਾਣ ਦੇ ਮੁੱਦੇ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੋਰੋਨਾ ਮਹਾਂਮਾਰੀ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਗਰਦਾਨਿਆ। ਯੂਥ ਆਗੂ ਦਿੱਲੀ ਦੇ ਦਿਲ ਕਹੇ ਜਾਂਦੇ ਕਨਾਟ ਪਲੇਸ ਵਿੱਚ PPE ਕਿੱਟਾਂ, ਮਾਸਕ ਲਾ ਕੇ ਤੇ ਸੋਸ਼ਲ ਫਾਸਲੇ ਰੱਖਦੇ ਹੋਏ ਪ੍ਰਦਰਸ਼ਨ ਕਰਨ ਲਈ ਪੁੱਜੇ।

ਯੂਥ ਆਗੂ BV ਸ੍ਰੀਨਿਵਾਸ ਨੇ ਪ੍ਰਧਾਨ ਮੰਤਰੀ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਸਭ ਦੇ ਖਾਤੇ ਵਿੱਚ 15-15 ਲੱਖ ਰੁਪਏ ਦੇਣ ਦੇ ਵਾਅਦੇ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ ਉਹ ਪੈਸੇ ਤਾਂ ਨਹੀਂ ਆਏ ਪਰ ਕੇਂਦਰ ਸਰਕਾਰ ਦੀ ਨਲਾਇਕੀ ਕਾਰਨ ਦੇਸ਼ ਵਿੱਚ ਕੋਰੋਨਾ ਦੇ 15 ਲੱਖ ਤੋਂ ਵੱਧ ਮਰੀਜ਼ ਤਾਂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਕਰੋਨਾ ਮਹਾਮਾਰੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਚੇਤਾ ਰਹੇ ਸਨ, ਤਾਂ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਵਿੱਚ ਨਮਸਤੇ ਟਰੰਪ ਦਾ ਪ੍ਰੋਗਰਾਮ ਕਰਵਾ ਰਹੇ ਸਨ।

ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਜਨਤਾ ਵਿੱਚ ਜਾਣ ਦੀ ਥਾਂ ਹੋਰ ਕੰਮਾਂ ਵਿੱਚ ਲੱਗੇ ਹੋਏ ਹਨ। ਮਹਾਮਾਰੀ ਦੇ ਹਾਲਤ ਦਿਨੋ-ਦਿਨ ਬਦਤਰ ਹੋ ਰਹੇ ਹਨ ਤੇ ਲੋਕਾਂ ਦੀ ਰੋਟੀ ਦਾ ਸੰਕਟ ਆਣ ਖੜ੍ਹਾ ਹੈ। ਸਰਕਾਰ ਨੇ ਕਰੋਨਾ ਦੀ ਜਾਂਚ ਦੀ ਕੀਮਤ ਚਾਰ ਹਜ਼ਾਰ ਰੁਪਏ ਕਰ ਦਿੱਤੀ ਤੇ ਗ਼ਰੀਬ ਐਨਾ ਪੈਸਾ ਕਿਥੋਂ ਲਿਆਉਣਗੇ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਦਾ 20 ਲੱਖ ਕਰੋੜ ਦਾ ਆਤਮ ਨਿਰਭਰ ਭਾਰਤ ਦਾ ਪੈਕਜ ਕਿੱਥੇ ਗਿਆ? PM ਕੇਅਰ ਫੰਡ ਦਾ ਪੈਸਾ ਕਿੱਥੇ ਹੈ? ਮਹਾਂਮਾਰੀ ਦੇ ਨਾਂ ਉਪਰ ਇਹ ਖੇਡ ਬੰਦ ਹੋਵੇ ਤੇ ਸਰਕਾਰ ਦੇਸ਼ ਨੂੰ ਕੋਰੋਨਾ ਸੰਕਟ ਵਿੱਚੋਂ ਬਾਹਰ ਕੱਢੇ।