Punjab

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਕਿਤਾਬ ‘ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ’ ਕੀਤੀ ਲੋਕ ਅਰਪਣ

‘ਦ ਖ਼ਾਲਸ ਬਿਊਰੋ :- ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਵਿੱਚ ਬੀਬੀ ਗੁਰਮੀਤ ਕੌਰ ਵੱਲੋਂ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰਿਤ ਲਿਖੀ ਕਿਤਾਬ ‘ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ’ ਨੂੰ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਲਿਖਿਆ ਗਿਆ ਹੈ। ਇਸ ਕਿਤਾਬ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੂੰ ਬਹੁਤ ਸਾਧਾਰਨ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਗਿਆ ਹੈ।10-12 ਸਾਲ ਦੇ ਬੱਚੇ ਵੀ ਇਹ ਕਿਤਾਬ ਪੜ੍ਹ ਸਕਦੇ ਹਨ।

ਬੀਬੀ ਗੁਰਮੀਤ ਕੌਰ ਨੇ ਇਸ ਕਿਤਾਬ ਨੂੰ ਬਹੁਤ ਸਹੀ ਢੰਗ ਨਾਲ ਕ੍ਰਮਵਾਰ ਕੀਤਾ। ਇਸ ਵਿੱਚ ਤਿੰਨਾਂ ਘੱਲੂਘਾਰਿਆਂ ਬਾਰੇ ਬਿਆਨ ਕੀਤਾ ਗਿਆ ਹੈ, 1947 ਬਾਰੇ ਦੱਸਿਆ ਗਿਆ ਹੈ। ਅਣਵੰਡਿਆ ਪੰਜਾਬ ਬਾਰੇ ਬਹੁਤ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। 25 ਸਾਲਾਂ ਤੋਂ ਬਾਅਦ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਇਹ ਕਿਤਾਬ ਲਿਖੀ ਗਈ ਹੈ।

ਸ਼ਹੀਦ ਭਾਈ ਜਸਵੰਤ ਸਿੰਘ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਲੜਾ ਵਿੱਚ 2 ਨਵੰਬਰ 1952 ਨੂੰ ਹੋਇਆ ਸੀ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਲਾਵਾਰਿਸ ਲਾਸ਼ਾਂ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਖਾਲੜਾ ਨੇ ਕੈਨੇਡਾ ਦੀ ਸੰਸਦ ਵਿੱਚ ਵੀ ਇਸ ਦੀ ਰਿਪੋਰਟ ਪੇਸ਼ ਕੀਤੀ ਸੀ ਅਤੇ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵੀ ਸੰਗਤ ਅੱਗੇ ਇਸ ਰਿਪੋਰਟ ਦਾ ਖੁਲਾਸਾ ਕੀਤਾ ਸੀ।