Punjab

ਇਸ ਐਤਵਾਰ ਨੂੰ ਨਹੀਂ ਲੱਗੇਗਾ ਕਰਫਿਊ, ਪੜ੍ਹੋ ਕੈਪਟਨ ਦੇ ਸਾਰੇ ਐਲਾਨ

‘ਦ ਖ਼ਾਲਸ ਬਿਊਰੋ:- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਫੇਸਬੁੱਕ ‘ਤੇ ਲਾਈਵ ਹੋ ਕੇ ਕਈ ਐਲਾਨ ਕੀਤੇ ਹਨ। ਕੈਪਟਨ ਨੇ 13 ਸਤੰਬਰ ਨੂੰ ਨੀਟ ਦੀਆਂ ਪ੍ਰੀਖਿਆਵਾਂ ਕਾਰਨ ਪੰਜਾਬ ਵਿੱਚ ਕਰਫਿਊ ਨਾ ਲਗਾਉਣ ਦਾ ਐਲਾਨ ਕੀਤਾ ਹੈ ਪਰ ਦੁਕਾਨਾਂ ਬੰਦ ਰਹਿਣਗੀਆਂ।  ਕੈਪਟਨ ਨੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕੋਵਿਡ ਨੂੰ ਲੈ ਕੇ ਝੂਠੀਆਂ ਅਫਵਾਹਾਂ ਨਾ ਫੈਲਾਉਣ ਨਹੀਂ ਤਾਂ ਮੈਂ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕਰਾਂਗਾ। ਕੈਪਟਨ ਨੇ ਇਸ ਸਬੰਧੀ 292 ਲੋਕਾਂ ਖਿਲਾਫ ਕੇਸ ਦਰਜ ਕਰਨ ਦੀ ਜਾਣਕਾਰੀ ਦਿੱਤੀ।

ਕੈਪਟਨ  ਨੇ ਮੀਡੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਪਛਾਣ ਨੂੰ ਜਨਤਕ ਨਾ ਕਰਨ। ਉਨ੍ਹਾਂ ਨੇ ਪੰਜਾਬ ਦੇ ਹਰ ਕੋਰੋਨਾ ਪਾਜ਼ੀਟਿਵ  ਮਰੀਜ਼ ਨੂੰ ਕੋਵਿਡ ਕਿੱਟ  ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਕਸੀਮੀਟਰ 514 ਰੁਪਏ ਵਿੱਚ ਮਿਲੇਗਾ। ਕੈਪਟਨ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਦੇ ਬਿੱਲ ਹੁਣ ਮੀਟਰ ਰੀਡਿੰਗ ਦੇ ਤਹਿਤ ਹੀ ਆਉਣਗੇ। ਉਨ੍ਹਾਂ ਨੇ ਬਿਜਲੀ ਮਹਿਕਮੇ ਨੂੰ ਲੋਕਾਂ ਤੋਂ ਵਸੂਲੇ ਵਾਧੂ ਬਿੱਲ ਐਡਜਸਟ ਕਰਨ ਦਾ ਵੀ ਹੁਕਮ ਦਿੱਤਾ ਹੈ।

ਕੈਪਟਨ ਨੇ ਫੀਸ ਨਾ ਭਰਨ ਵਾਲੇ ਵਿਦਿਆਰਥੀਆਂ ਦੇ ਨਾਂ ਕੱਟਣ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਵੀ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸੇ ਵੀ ਸਕੂਲ ਨੇ ਇਹੋ ਜਿਹਾ ਕੰਮ ਕੀਤਾ ਤਾਂ ਮੈਂ ਉਨ੍ਹਾਂ ਨੂੰ ਨਹੀਂ ਬਖਸ਼ਾਂਗਾ।  ਕੈਪਟਨ ਨੇ ਟਰਾਂਸਪੋਰਟ ਮਹਿਕਮੇ ਨੂੰ ਹੁਕਮ ਕਰਦਿਆਂ ਕਿਹਾ ਕਿ PRTC ਤੇ ਪਨਬੱਸ ਡਰਾਈਵਰਾਂ ਨੂੰ ਪਹਿਲੀ ਅਗਸਤ ਤੋਂ ਡੀਸੀ ਰੇਟ ਮੁਤਾਬਕ ਭੱਤਾ ਦਿੱਤਾ ਜਾਵੇ। ਕੈਪਟਨ ਨੇ ਠੇਕੇ ਵਾਲੇ ਸਿਹਤ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਅਗਲੇ ਦੋ ਸਾਲਾਂ ਵਿੱਚ 1 ਲੱਖ ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਮੁੜ ਦਾਅਵਾ ਕੀਤਾ ਹੈ।