Punjab

PRTC ਬੱਸਾਂ ਨੂੰ ਚੰਡੀਗੜ੍ਹ ਵੜਨ ‘ਤੇ ਰੋਕ, ਪਰ CTU ਬੱਸਾਂ ਦੇ ਪੰਜਾਬ ਆਉਣ-ਜਾਣ ਦੀ ਖੁੱਲ੍ਹ!

‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਨੇ PRTC ਦੀਆਂ ਬੱਸਾਂ ਦਾ ਚੰਡੀਗੜ੍ਹ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਚੰਡੀਗੜ੍ਹ ਦੀਆਂ CTU ਦੀਆਂ ਬੱਸਾਂ ਆਮ ਚੱਲ ਰਹੀਆਂ ਹਨ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ CTU ਬੱਸਾਂ ਦੀਆਂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਇਸ ਕਰਕੇ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਨੂੰ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਵਿੱਚ ਹੀ ਉਤਾਰ ਦਿੱਤਾ ਜਾਂਦਾ ਹੈ। ਇਸ ਕਰਕੇ ਪਟਿਆਲਾ ਅਤੇ ਹੋਰ ਸ਼ਹਿਰਾਂ ਵਿੱਚੋਂ ਰੋਜ਼ਾਨਾ ਚੰਡੀਗੜ੍ਹ ਜਾਣ ਵਾਲੇ ਮੁਸਾਫਿਰਾਂ ਨੂੰ ਜ਼ੀਰਕਪੁਰ ਅਤੇ ਹੋਰ ਖੇਤਰਾਂ ਵਿੱਚ ਉੱਤਰ ਕੇ ਉੱਥੋਂ ਆਟੋ ਰਿਕਸ਼ਾ ਜਾਂ ਹੋਰ ਸਾਧਨਾਂ ਰਾਹੀਂ ਚੰਡੀਗੜ੍ਹ ਵਿੱਚ ਦਾਖ਼ਲ ਹੋਣਾ ਪੈਂਦਾ ਹੈ।

ਇਸ ਲਈ ਲੋਕਾਂ ਵੱਲੋਂ ਕਈ ਸਵਾਲ ਉਠਾਏ ਜਾ ਰਹੇ ਹਨ ਕਿ ਜੇਕਰ CTU ਦੀਆਂ ਬੱਸਾਂ ਪੰਜਾਬ ਵਿੱਚ ਆ-ਜਾ ਸਕਦੀਆਂ ਹਨ ਤਾਂ ਫਿਰ PRTC ਅਤੇ ਪੰਜਾਬ ਦੀਆਂ ਹੋਰ ਬੱਸਾਂ ਨੂੰ ਚੰਡੀਗੜ੍ਹ ਜਾਣ ਵਿੱਚ ਕੀ ਮੁਸ਼ਕਲ ਹੈ ? ਹਾਲਾਂਕਿ ਸੀਟੀਯੂ ਦੀਆਂ ਬੱਸਾਂ ਨੂੰ ਪੰਜਾਬ ਆਉਣ ‘ਤੇ ਕੋਈ ਰੋਕ-ਟੋਕ ਨਹੀਂ ਹੈ। CTU ਦੀਆਂ ਬੱਸਾਂ ਚੰਡੀਗੜ੍ਹ ਨੇੜਲੇ ਪੰਜਾਬ ਦੇ ਕਈ ਸ਼ਹਿਰਾਂ ਸਮੇਤ ਜ਼ੀਰਕਪੁਰ, ਡੇਰਾਬੱਸੀ, ਲਾਲੜੂ, ਲਾਂਡਰਾਂ, ਖਰੜ ਤੇ ਸਨੇਟਾ ਖੇਤਰਾਂ ਵਿੱਚ ਚੱਲਦੀਆਂ ਆਮ ਦੀ ਦੇਖਣ ਨੂੰ ਮਿਲਦੀਆਂ ਹਨ।