India

CPM ਦਾ ਵੱਡਾ ਖੁਲਾਸਾ, ਦਿੱਲੀ ਦੰਗਿਆਂ ‘ਚ ਸਿਆਸੀ ਆਕਾਵਾਂ ਦੇ ਸ਼ਾਮਿਲ ਹੋਣ ਦਾ ਖਦਸ਼ਾ

‘ਦ ਖ਼ਾਲਸ ਬਿਊਰੋ ( ਦਿੱਲੀ ) :- CPM ਨੇ ਦਿੱਲੀ ਦੰਗਿਆਂ ਦੇ ਮਾਮਲੇ ‘ਚ ਉਸ ਦੇ ਆਗੂ ਸੀਤਾਰਾਮ ਯੇਚੁਰੀ ਸਣੇ ਕੁੱਝ ਸਿਵਲ ਸੁਸਾਇਟੀ ਮੈਂਬਰਾਂ ਨੂੰ ਸਪਲੀਮੈਂਟਰੀ ਚਾਰਜਸ਼ੀਟ ‘ਚ ਨਾਮਜ਼ਦ ਕਰਨ ਦੀ ਨਿਖੇਧੀ ਕੀਤੀ ਹੈ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਪੌਲਿਟ ਬਿਊਰੋ ਦੇ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਿਕ ਪਾਰਟੀ ਦਿੱਲੀ ਪੁਲੀਸ ਵੱਲੋਂ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਕੀਤੀ ਗਈ ਬੇਹੂਦਾ ਕਾਰਵਾਈ ਦੀ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਸ਼ਾਂਤੀਪੂਰਨ ਸਿਆਸੀ ਪ੍ਰਦਰਸ਼ਨਾਂ ਦੇ ਅਪਰਾਧੀਕਰਨ ਦੀ ਅਜਿਹੀ ਕਾਰਵਾਈ ਤੋਂ ਗੁਰੇਜ਼ ਕਰੇ।

ਦਿਲੀ ‘ਚ ਇਸ ਸਾਲ ਫਰਵਰੀ ‘ਚ ਵਾਪਰੀ ਹਿੰਸਾ ਮਾਮਲੇ ‘ਚ ਦਿੱਲੀ ਪੁਲੀਸ ਨੇ ਸਪਲਟੀਮੈਂਟਰੀ ਚਾਰਜਸ਼ੀਟ ਵਿੱਚ CPM ਦੇ ਜਨਰਲ ਸਕੱਤਰ ਯੇਚੁਰੀ, ਸਵਰਾਜ ਅਭਿਆਨ ਆਗੂ ਯੋਗੇਂਦਰ ਯਾਦਵ, ਅਰਥਸ਼ਾਸਤਰੀ ਜਯਤੀ ਘੋਸ਼ ਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਨੂੰ ਸਹਿ-ਸਾਜ਼ਿਸ਼ਘਾੜੇ ਵਜੋਂ ਨਾਮਜ਼ਦ ਕੀਤਾ ਹੈ। CPM ਦੀ ਪੌਲਿਟ ਬਿਊਰੋ ਨੇ ਬਿਆਨ ਵਿੱਚ ਕਿਹਾ, ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਅਧੀਨ ਕੰਮ ਕਰ ਰਹੀ ਦਿੱਲੀ ਪੁਲੀਸ ਨੇ ਉਤਰੀ ਪੂਰਬੀ ਦਿੱਲੀ ਵਿੱਚ ਫਰਵਰੀ ਮਹੀਨੇ ਹੋਈ ਭਿਆਨਕ ਫ਼ਿਰਕੂ ਹਿੰਸਾ ਵਿੱਚ ਜਿਸ ਬੇਸ਼ਰਮੀ ਨਾਲ ਸਿਆਸੀ ਆਗੂਆਂ, ਅਕਾਦਮੀਸ਼ੀਅਨਾਂ, ਸਭਿਆਚਾਰਕ ਹਸਤੀਆਂ ਤੇ ਕਾਰਕੁਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਹੈਰਾਨੀਜਨਕ ਹੈ।’’ ਬਿਆਨ ਵਿੱਚ ਅੱਗੇ ਕਿਹਾ ਗਿਆ, ‘‘ਇਹ ਬਦਲਾ ਲਊ ਤੇ ਪੱਖਪਾਤੀ ਕਾਰਵਾਈ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।