India

ਭੁੱਖ ਹੜਤਾਲ ‘ਤੇ ਬੈਠੇ ਬਲਵੀਰ ਸਿੰਘ ਰਾਜੇਵਾਲ ਦੇ ਭਾਸ਼ਣ ‘ਤੇ ਵਿਵਾਦ, ਕੇਸਰੀ ਨਿਸ਼ਾਨ ਸਾਹਿਬ ਤੇ ਨਿਹੰਗ ਸਿੰਘਾਂ ਬਾਰੇ ਦਿੱਤਾ ਵਿਵਾਦਿਤ ਬਿਆਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਖ਼ਾਲਿਸਤਾਨੀ ਰੰਗ ਨਾ ਦਿੱਤਾ ਜਾਵੇ। ਟਾਵਰ ‘ਤੇ ਨਿਸ਼ਾਨ ਸਾਹਿਬ ਲਾਉਣ ਵਾਲਿਆਂ ਨੂੰ ਸਲਾਹ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਨਿਸ਼ਾਨ ਸਾਹਿਬ ਨੂੰ ਟਾਵਰ ਤੋਂ ਉਤਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਥਾਂ ‘ਤੇ ਹੀ ਨਿਸ਼ਾਨ ਸਾਹਿਬ ਸੋਂਹਦੇ ਹਨ। ਉਨ੍ਹਾਂ ਕਿਹਾ ਕਿ, ਇਸ ਨਾਲ ਸੰਘਰਸ਼ ਨੂੰ ਖਾਲਿਸਤਾਨੀ ਰੰਗਤ ਦਿੱਤੀ ਜਾ ਰਹੀ ਹੈ। ਰਾਜੇਵਾਲ ਨੇ ਪਿਛਲੇ ਦਿਨੀਂ ਹੋਈਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ।

ਰਾਜੇਵਾਲ ਨੇ ਨਿਹੰਗ ਸਿੰਘਾਂ ਨੂੰ ਵੀ ਬੇਨਤੀ ਕੀਤੀ ਕਿ ਇੱਥੇ ਛਾਉਣੀ ਨਾ ਲਾਉ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਇੱਕ ਸ਼ਾਂਤਮਈ ਅੰਦੋਲਨ ਹੈ, ਉੱਥੇ ਫਿਲਹਾਲ ਛਾਉਣੀ ਦੀ ਲੋੜ ਨਹੀਂ ਹੈ। ਜਦੋਂ ਲੜਾਈ ਦੀ ਲੋੜ ਹੋਈ ਤਾਂ ਉਨ੍ਹਾਂ ਨੂੰ ਬੁਲਾ ਲਿਆ ਜਾਵੇਗਾ। ਰਾਜੇਵਾਲ ਨੇ ਨਿਹੰਗ ਸਿੰਘਾਂ ਦੇ ਯੋਗਦਾਨ ਦੀ ਤਰੀਫ ਵੀ ਕੀਤੀ।

ਰਾਜੇਵਾਲ ਨੂੰ ਆਪਣੇ ਬਿਆਨਾਂ ਕਾਰਨ ਸੋਸ਼ਲ ਮੀਡੀਆ ‘ਤੇ ਤਿੱਖੇ ਪ੍ਰਤੀਕਰਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਉਨ੍ਹਾਂ ਨੇ ਆਪਣੇ ਬਿਆਨਾਂ ਦਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮਾਹੌਲ ਤਣਾਅਪੂਰਨ ਨਹੀਂ ਹੋਣਾ ਚਾਹੀਦਾ।