India

ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਭੂਮੀ ਪੂਜਨ ‘ਚ ਸ਼ਾਮਿਲ ਹੋ ਕੇ ਗੁਰੂ ਸਾਹਿਬਾਨਾਂ ਲਈ ਦਿੱਤਾ ਵਿਵਾਦਤ ਬਿਆਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅੱਜ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਉਦਘਾਟਨੀ ਸਮਾਗਮ ਹੋਇਆ ਹੈ। ਇਸ ਸਮਾਗਮ ਦੇ ਵਿੱਚ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚੋਂ ਧਾਰਮਿਕ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਸੀ। ਇਸ ਸਮਾਗਮ ਵਿੱਚ ਸਿੱਖ ਕੌਮ ਦੇ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਸਮੇਤ ਕੋਈ ਵੀ ਨਾਮੀ ਸਿੱਖ ਸ਼ਖਸੀਅਤ ਜਾਂ ਲੀਡਰ ਇਸ ਸਮਾਗਮ ਵਿੱਚ ਨਜ਼ਰ ਨਹੀਂ ਆਇਆ ਪਰ ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਦੇ ਸਾਬਕਾ ਅਤੇ ਵਿਵਾਦਿਤ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਯੁੱਧਿਆ ਰਾਮ ਮੰਦਿਰ ਦੇ ਭੂਮੀ ਭੂਜਨ ਸਮਾਗਮ ਵਿੱਚ ਸ਼ਿਰਕਤ ਕੀਤੀ।

ਉਨ੍ਹਾਂ ਸਿਰਫ਼ ਸ਼ਿਰਕਤ ਹੀ ਨਹੀਂ ਕੀਤੀ ਬਲਕਿ ਇੱਕ ਵਿਵਾਦਿਤ ਬਿਆਨ ਵੀ ਦੇ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਮ ਚੰਦਰ ਦੇ ਵੱਡੇ ਪੁੱਤਰ ਲਵ ਦੀ ਵੰਸ਼ ਵਿੱਚੋਂ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਬੇਦੀ ਕੁਲ ਵਿੱਚੋਂ ਸਨ। ਇਸ ਲਈ ਸਿੱਖ ਇਨ੍ਹਾਂ ਦੇ ਵੰਸ਼ ਵਿੱਚੋਂ ਹੋਏ ਹਨ, ਸਾਡੇ ਵਡੇਰੇ ਹਨ। ਉਨ੍ਹਾਂ ਕਿਹਾ ਕਿ ਇਹ ਰਾਮ ਮੰਦਿਰ ਭਾਰਤ ਦੀ ਇੱਕ ਅਲੱਗ ਸ਼ਾਨ ਬਣੇਗਾ।

ਗਿਆਨੀ ਇਕਬਾਲ ਸਿੰਘ ਨੇ ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਵਜੋਂ ਮਾਰਚ 2019 ਵਿੱਚ ਅਸਤੀਫ਼ਾ ਦੇ ਦਿੱਤਾ ਸੀ। ਉਹਨਾਂ ਖਿਲਾਫ਼ ਆਪਣੇ ਵਿਆਹੁਤਾ ਸੰਬੰਧਾਂ ਅਤੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਸਨ ਕਿਉਂਕਿ ਉਨ੍ਹੀਂ ਦਿਨੀਂ ਉਨ੍ਹਾਂ ਦੇ ਪੁੱਤਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਸ਼ਰਾਬ ਦਾ ਸ਼ਰੇਆਮ ਸੇਵਨ ਕਰਦਾ ਦਿਖਾਈ ਦੇ ਰਿਹਾ ਸੀ। ਇਕਬਾਲ ਸਿੰਘ ਦਾ ਸਮਾਰੋਹ ਵਿੱਚ ਸ਼ਾਮਿਲ ਹੋਣਾ ਸਿੱਖ ਕੌਮ ਨੂੰ ਭਾਅ ਨਹੀਂ ਰਿਹਾ ਅਤੇ ਸੋਸ਼ਲ ਮੀਡੀਆ ਉੱਤੇ ਇਸਦੀ ਕਾਫ਼ੀ ਨਿੰਦਿਆ ਕੀਤੀ ਜਾ ਰਹੀ ਹੈ।