India

ਕਾਂਗਰਸ ਨੇ ਮੋਦੀ ਨੂੰ ਭੇਜੇ ਆਲੂ-ਪਿਆਜ਼ ਦੇ ਤੋਹਫੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਦੇ ਸੈਕਟਰ 19 ਦੇ ਬਾਜ਼ਾਰ ਵਿੱਚ ਚੰਡੀਗੜ੍ਹ ਯੂਥ ਕਾਂਗਰਸ ਨੇ ਸਬਜ਼ੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਲੀਡਰਾਂ ਨੂੰ ਦਿਵਾਲੀ ਦੇ ਤੋਹਫੇ ਵਜੋਂ ਆਲੂ-ਪਿਆਜ਼ ਭੇਜੇ ਜਾ ਰਹੇ ਹਨ ਅਤੇ ਇਨ੍ਹਾਂ ਪਾਰਸਲਾਂ ‘ਤੇ ਨਰਿੰਦਰ ਮੋਦੀ ਦੀ ਫੋਟੋ ਲਾਈ ਗਈ ਹੈ।

ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਅੱਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਜਦੋਂ ਕੋਵਿਡ-19 ਕਾਰਨ ਆਮ ਲੋਕ ਪਹਿਲਾਂ ਹੀ ਬਹੁਤ ਮੁਸੀਬਤ ਵਿੱਚ ਹਨ, ਇਨ੍ਹਾਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ।

ਵਪਾਰ ਦੇ ਅੰਕੜਿਆਂ ਅਨੁਸਾਰ 21 ਅਕਤੂਬਰ ਨੂੰ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਇਹ ਜੂਨ ਵਿੱਚ 20 ਰੁਪਏ ਪ੍ਰਤੀ ਕਿੱਲੋ ਸੀ। ਇਸੇ ਤਰ੍ਹਾਂ ਆਲੂ ਵੀ ਇਸ ਸਮੇਂ ਦੌਰਾਨ 30 ਰੁਪਏ ਤੋਂ 70 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਪਿਛਲੇ ਹਫ਼ਤੇ ਮਦਰ ਡੇਅਰੀ ਦੀਆਂ ਸਫਲ ਦੁਕਾਨਾਂ ‘ਤੇ ਆਲੂ 58 ਤੋਂ 62 ਰੁਪਏ ਦੇ ਸਨ। ਉਸੇ ਸਮੇਂ ਇਨ੍ਹਾਂ ਦੁਕਾਨਾਂ ‘ਤੇ ਪਿਆਜ਼ ਗਾਇਬ ਸੀ।