Punjab

ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਰਾਹਤ ਫੰਡ ‘ਚ ਇਕੱਠੇ ਹੋਏ 67 ਕਰੋੜ ਰੁਪਏ, ਪਰ ਖਰਚੇ ਸਿਰਫ 2.28 ਕਰੋੜ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਵੱਲੋਂ ਕੋਰੋਨਾਮਹਾਂਮਾਰੀ ਨਾਲ ਨਜਿੱਠਣ ਲਈ ‘ਮੁੱਖ ਮੰਤਰੀ ਰਾਹਤ ਫੰਡ’ ਵਿੱਚ ਪੈਸੇ ਭੇਜਣ ਦੀ ਅਪੀਲ ਕੀਤੀ ਸੀ, ਜਿਸ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਭਗ 67 ਕਰੋੜ ਰੁਪਏ ਇਕੱਠੇ ਹੋ ਚੁੱਕੇ ਹਨ। ਪਰ ਸਰਕਾਰ ਵੱਲੋਂ ਇਸ ਰਕਮ ਵਿੱਚੋਂ ਸਿਰਫ 2 ਕਰੋੜ 28 ਲੱਖ ਰੁਪਏ ਹੀ ਖ਼ਰਚੇ ਗਏ ਹਨ।

 

ਮੁੱਖ ਮੰਤਰੀ ਰਾਹਤ ਫੰਡ ਵਿੱਚ ਇਕੱਠੇ ਹੋਏ ਅਤੇ ਖਰਚ ਕੀਤੇ ਪੈਸੇ ਬਾਰੇ ਜਾਣਕਾਰੀ ਇੱਕ RTI ਐਕਟੀਵਿਸਟ ਅਸ਼ਵਨੀ ਚਾਵਲਾ ਨੇ ਦਿੱਤੀ। ਹਾਲਾਂਕਿ ਇਹ ਪੈਸਾ ਕਈ ਵਿਧਾਇਕਾਂ, ਸਾਂਸਦ ਮੈਂਬਰਾਂ ਅਤੇ ਆਮ ਲੋਕਾਂ ਵੱਲੋਂ ਆਪਣੀ-ਆਪਣੀ ਯੋਗਤਾ ਮੁਤਾਬਿਕ ਭੇਜਿਆ ਗਿਆ ਹੈ। ਸਵਾਲ ਇਹ ਉੱਠਦਾ ਹੈ ਕਿ ਜਦੋਂ ਪਿਛਲੇ ਕਰੀਬ 4 ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਦਾ ਕਹਿਰ ਸਿਖਰਾਂ ‘ਤੇ ਹੈ, ਤਾਂ ਉਸ ਸਮੇਂ ਇਸ ਪੈਸੇ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ?

 

ਸਰਕਾਰ ਵੱਲੋਂ ਲੋਕਾਂ ਨੂੰ ਮਾਸਕ ਪਹਿਨਣ ਅਤੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਤਾਂ ਵਾਰ-ਵਾਰ ਕੀਤੀ ਜਾ ਰਹੀ ਹੈ, ਪਰ ਇਹ ਉਪਰਾਲਾ ਨਹੀਂ ਕੀਤਾ ਜਾ ਰਿਹਾ ਕਿ ਲੋੜਵੰਦਾਂ ਤੱਕ ਮੁਫਤ ਮਾਸਕ ਤੇ ਸੈਨੇਟਾਈਜਰ ਪਹੁੰਚਾਏ ਜਾਣ, ਡਾਕਟਰਾਂ ਨੂੰ PPE ਕਿੱਟਾਂ ਮੁਹੱਈਆ ਕਰਵਾਈਆਂ ਜਾਣ।

 

ਸਰਕਾਰ ਲੋਕਾਂ ਦੀ ਬਾਂਹ ਫੜੇ: ਅਮਨ ਅਰੋੜਾ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ “ਸਰਕਾਰ ਵੱਲੋਂ ਇਹ ਬਹੁਤ ਵੱਡਾ ਘਪਲਾ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਅੱਜ ਸਭ ਤੋਂ ਵੱਧ ਸਹੂਲਤਾਂ ਦੀ ਜ਼ਰੂਰਤ ਹੈ, ਜੇ ਅਸੀਂ ਅੱਜ ਬਚਾਂਗੇ ਫੇਰ ਹੀ ਕੱਲ੍ਹ ਦੇਖਾਂਗੇ। ਸਰਕਾਰ ਆਪ ਇਕਾਂਤਵਾਸ ਵਿੱਚ ਹੈ, ਸਰਕਾਰ ਨੂੰ ਨਹੀਂ ਪਤਾ ਜ਼ਮੀਨੀ ਪੱਧਰ ‘ਤੇ ਕੀ ਹੋ ਰਿਹਾ ਹੈ?”

 

ਪੰਜਾਬ ਸਰਕਾਰ ਨੇ ਲੋਕਾਂ ਤੋਂ ਪਾਸਾ ਵੱਟਿਆ: ਵਲਟੋਹਾ

ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ “ਸਰਕਾਰ ਨੇ ਲੋਕਾਂ ਤੋਂ ਪਾਸਾ ਵੱਟ ਲਿਆ ਹੈ। ਲੋਕਾਂ ਨੂੰ ਅੱਜ ਮੱਦਦ ਲੋੜ ਹੈ, ਪਰ ਸਰਕਾਰ ਵੱਲੋਂ 67 ਕਰੋੜ ਰੁਪਏ ਵਿੱਚੋਂ ਸਿਰਫ ਸਵਾ ਦੋ ਕਰੋੜ ਰੁਪਏ ਖਰਚੇ ਗਏ ਹਨ ਅਤੇ ਬਾਕੀ ਪੈਸਾ ਪਤਾ ਨਹੀਂ ਕਿੱਥੇ ਹੈ? ਕੇਂਦਰ ਵੱਲੋਂ ਭੇਜੇ ਗਏ ਰਾਸ਼ਨ ਵਿੱਚ ਵੀ ਸਰਕਾਰ ਵੱਲੋਂ ਘਪਲੇ ਕੀਤੇ ਗਏ ਹਨ”।