International

ਚਾਈਨਾ ਵਾਇਰਸ ਕਾਰਨ ਪੂਰੀ ਦੁਨੀਆ ‘ਚ ਲੱਖਾ ਜਾਨਾਂ ਚਲੀਆਂ ਗਈਆਂ : ਰਾਸ਼ਟਰਪਤੀ ਟਰੰਪ

‘ਦ ਖ਼ਾਲਸ ਬਿਊਰੋ ( ਅਮਰੀਕਾ ) :- ਕੋਵਿਡ-19 ਨੂੰ ਫੈਲਣ ਤੋਂ ਨਾ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਕਾਮੀ ਕਾਰਨ ਪੂਰੀ ਦੁਨੀਆ ਵਿੱਚ ਲੱਖਾਂ ਜਾਨਾਂ ਚਲੀਆਂ ਗਈਆਂ ਹਨ। ਟਰੰਪ ਨੇ ਮੁੜ ਇਸ ਨੂੰ ‘ਚਾਈਨਾ ਵਾਇਰਸ’ ਦਾ ਨਾਂ ਦਿੰਦਿਆਂ ਕਿਹਾ ਕਿ ਵਾਇਰਸ ਨੂੰ ਕੋਰੋਨਾਵਾਇਰਸ ਨਾ ਕਿਹਾ ਜਾਵੇ, ਇਹ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਟਲੀ ਵਿੱਚ ਕੋਈ ‘ਖ਼ੂਬਸੂਰਤ ਥਾਂ’ ਹੋਵੇ।

ਇਸ ਮੌਕੇ ਚੀਨ ਨੇ ਟਰੰਪ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਪੈਨਸਿਲਵੇਨੀਆ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਡੋਨਲਡ ਟਰੰਪ ਨੇ ਕਿਹਾ ਕਿ ਜੇ ਉਹ ਮੁੜ ਚੁਣੇ ਜਾਂਦੇ ਹਨ ਤਾਂ ਅਗਲੇ ਚਾਰ ਸਾਲਾਂ ਵਿੱਚ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕਾ ਨੂੰ ਸੰਸਾਰ ਦੀ ਨਿਰਮਾਣ ਤੇ ਉਤਪਾਦਨ ਮਹਾਸ਼ਕਤੀ ਬਣਾ ਦੇਵੇਗਾ।

ਚੀਨ ‘ਤੇ ਅਮਰੀਕਾ ਨੂੰ ਨਿਰਭਰ ਨਹੀਂ ਰਹਿਣ ਦਿੱਤਾ ਜਾਵੇਗਾ। ਤਿੰਨ ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਨੂੰ ‘ਆਰਥਿਕ ਉਭਾਰ ਦਾ ਸਵਾਲ’ ਕਰਾਰ ਦਿੰਦਿਆਂ ਟਰੰਪ ਨੇ ਕਿਹਾ ਕਿ ਮੁਲਕ ਮਹਾਂਮਾਰੀ ਤੋਂ ਪਹਿਲਾਂ ਆਰਥਿਕ ਮੋਰਚੇ ‘ਤੇ ਬਿਹਤਰੀਨ ਕੰਮ ਕਰ ਰਿਹਾ ਸੀ। ਮਹਾਂਮਾਰੀ ਦਾ ਜ਼ਿੰਮਾ ਚੀਨ ਸਿਰ ਪਾਉਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਦੀ ਆਰਥਿਕਤਾ ਨੂੰ ਮੁੜ ਨੰਬਰ ਇੱਕ ਬਣਾਇਆ ਜਾਵੇਗਾ।

ਚੀਨੀ ਫੇਸਬੁੱਕ ਪੇਜਾਂ ਰਾਹੀਂ ਅਮਰੀਕੀ ਸਿਆਸਤ ਪ੍ਰਭਾਵਿਤ ਕਰਨ ਦੀ ਕੋਸ਼ਿਸ਼

ਦੂਜੇ ਪਾਸੇ ਫੇਸਬੁੱਕ ਦਾ ਕਹਿਣਾ ਹੈ ਕਿ ਅਮਰੀਕਾ ਵਿਚਲੀ ਸਿਆਸੀ ਗਤੀਵਿਧੀ ਵਿੱਚ ਅੜਿੱਕਾ ਪਾਉਣ ਲਈ ਚੀਨ ’ਚ ਬਣੇ ਕੁੱਝ ਜਾਅਲੀ ਪੇਜਾਂ ਤੇ ਅਕਾਊਂਟਾਂ ਨੂੰ ਸੋਸ਼ਲ ਮੀਡੀਆ ਸਾਈਟ ਨੇ ਹਟਾ ਦਿੱਤਾ ਹੈ। ਇਸ ਨੈੱਟਵਰਕ ਰਾਹੀਂ ਕਈ ਹੋਰ ਮੁਲਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਫੇਸਬੁੱਕ ਮੁਤਾਬਕ ਜ਼ਿਆਦਾਤਰ ਦੱਖਣ-ਪੂਰਬੀ ਏਸ਼ੀਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਖ਼ਾਤਿਆਂ ਤੇ ਪੇਜਾਂ ਨੂੰ ਸਿੱਧਾ ਚੀਨੀ ਸਰਕਾਰ ਨਾਲ ਨਹੀਂ ਜੋੜਿਆ ਗਿਆ ਹੈ। ਇਨ੍ਹਾਂ ਨੂੰ ਬਣਾਉਣ ਵਾਲਿਆਂ ਨੇ ਪਛਾਣ ਲੁਕੋਈ ਹੋਈ ਸੀ, ਅਤੇ ਲੋਕੇਸ਼ਨ ਵੀ ਵਰਚੁਅਲ ਪ੍ਰਾਈਵੇਟ ਨੈੱਟਵਰਕ ਰਾਹੀਂ ਗੁਪਤ ਰੱਖੀ ਗਈ ਸੀ।