International

ਚੀਨ ਨੇ ਭਾਰਤ ਨੂੰ ਵਾਪਿਸ ਕੀਤੇ ਅਰੁਣਾਚਲ ਪ੍ਰਦੇਸ਼ ‘ਚ ਲਾਪਤਾ ਹੋਏ ਪੰਜ ਨੌਜਵਾਨ

‘ਦ ਖ਼ਾਲਸ ਬਿਊਰੋ:- ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਭਾਰਤ ਨੂੰ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਪੰਜ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਕਰ ਦਿੱਤਾ ਹੈ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਸ਼ੁੱਕਰਵਾਰ ਨੂੰ ਅਸਾਮ ਦੇ ਤੇਜਪੁਰ ਵਿਖੇ ਰੱਖਿਆ ਪੀਆਰਓ ਨੇ ਕਿਹਾ ਸੀ ਕਿ ਅਪਰ ਸੁਬਾਨਸਿਰੀ ਦੇ ਪੰਜ ਨੌਜਵਾਨ ਜੋ ਅਸਲ ਕੰਟਰੋਲ ਰੇਖਾ (LAC) ਨੂੰ ਪਾਰ ਕਰ ਕੇ ਚੀਨ ਦੀ ਸਰਹੱਦ ‘ਚ ਗਏ ਸੀ, ਨੂੰ 12 ਸਤੰਬਰ ਨੂੰ ਸਵੇਰੇ ਸਾਢੇ 9 ਵਜੇ PLA ਦੁਆਰਾ ਵਾਪਸ ਭੇਜਿਆ ਜਾਵੇਗਾ।

ਕੱਲ੍ਹ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਵੀ ਇਸ ਸਬੰਧੀ ਟਵੀਟ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ “ਚੀਨੀ ਪੀਐਲਏ ਨੇ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ। 5 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਇੱਕ ਵਿਧਾਇਕ ਨੇ ਚੀਨੀ ਸੈਨਿਕਾਂ ਵੱਲੋਂ ਆਪਣੇ ਨੌਜਵਾਨਾਂ ਨੂੰ ਲੈ ਜਾਣ ਦੇ ਦੋਸ਼ ਲਗਾਉਂਦਿਆਂ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਵਤਨ ਵਾਪਸੀ ਹੋਈ ਹੈ।