International

ਪੜ੍ਹੋ ਕਿਸ ਉਮਰ ਦੇ ਬੱਚਿਆਂ ਲਈ ਮਾਸਕ ਪਾਉਣਾ ਲਾਜ਼ਮੀ ਅਤੇ ਕਿੰਨ੍ਹਾਂ ਨੂੰ ਨਹੀਂ ਕੋਈ ਖਤਰਾ, WHO ਦੀ ਰਿਪੋਰਟ

‘ਦ ਖ਼ਾਲਸ ਬਿਊਰੋ:- ਜਦੋਂ ਤੱਕ ਕੋਰੋਨਾਵਾਇਰਸ ਨਾਲ ਲੜਨ ਲਈ ਕੋਈ ਵੈਕਸਿਨ ਨਹੀਂ ਆ ਜਾਂਦੀ, ਉਦੋਂ ਤੱਕ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਭਿਆਨਕ ਬਿਮਾਰੀ ਤੋਂ ਬਚਣ ਲਈ 75% ਬਚਾਅ ਮਾਸਕ ਕਰਦਾ ਹੈ।

 

ਇਸ ਕਰਕੇ ਵੱਡਿਆਂ ਨੂੰ ਤਾਂ ਮਾਸਕ ਪਾਉਣਾ ਲਾਜ਼ਮੀ ਹੈ, ਪਰ ਬੱਚਿਆਂ ਲਈ ਕਿੰਨਾਂ ਕੁ ਜ਼ਰੂਰੀ ਹੈ ਜਾਂ ਅਜਿਹੇ ਸਮੇਂ ‘ਚ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ? ਇਸ ਨੂੰ ਲੈ ਕੇ WHO ਨੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ, WHO ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਰੋਨਾ ਦਾ ਖਤਰਾ ਘੱਟ ਹੁੰਦਾ ਹੈ, ਇਸ ਲਈ ਇਨ੍ਹਾਂ ਬੱਚਿਆਂ ਨੂੰ ਮਾਸਕ ਪਾਉਣਾ ਜਰੂਰੀ ਨਹੀਂ ਹੈ।

ਜਦਕਿ 6 ਤੋਂ 11 ਸਾਲ ਦੇ ਬੱਚਿਆਂ ਦੇ ਮਾਪੇ ਖੁਦ ਉਨ੍ਹਾਂ ਦੀ ਮਾਸਕ ਪਾਉਣ ਅਤੇ ਲਾਹੁਣ ਵਿੱਚ ਮਦਦ ਕਰਨ ਅਤੇ ਹਾਲਾਤਾਂ ਮੁਤਾਬਕ ਉਨ੍ਹਾਂ ਦਾ ਧਿਆਨ ਰੱਖਣ।

12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬਾਲਗਾਂ ਵਾਂਗ ਮਾਸਕ ਪਾ ਕੇ ਰੱਖਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਬੱਚਿਆਂ ਨੂੰ ਵੀ ਕੋਰੋਨਾਵਾਇਰਸ ਦਾ ਖਤਰਾ ਉਨਾਂ ਹੀ ਹੁੰਦਾ ਹੈ, ਜਿਨਾਂ ਵੱਡਿਆਂ ਨੂੰ ਹੁੰਦਾ ਹੈ। ਇਸ ਕਰਕੇ ਮਾਸਕ ਪਹਿਨਣ ਲਈ ਵਿਸ਼ਵ ਭਰ ਵਿਚ ਜਾਰੀ ਦਿਸ਼ਾ-ਨਿਰਦੇਸ਼ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ‘ਤੇ ਵੀ ਲਾਗੂ ਹੁੰਦੇ ਹਨ।

 

 

ਇਸ ਤੋਂ ਇਲਾਵਾਂ ਖਾਸ ਤੌਰ ‘ਤੇ 60 ਸਾਲ ਦੀ ਉਮਰ ਤੋਂ ਘੱਟ ਵਾਲਿਆਂ ਨੂੰ ਤਾਂ ਕੱਪੜੇ ਦਾ ਮਾਸਕ ਹੀ ਲਗਾਉਣਾ ਚਾਹੀਦਾ ਹੈ। ਇਸ ਤੋਂ ਜਿਆਦਾ ਉਮਰ ਵਾਲਿਆਂ ਨੂੰ ਜਾਂ ਹੋਰ ਬੀਮਾਰੀਆਂ ਨਾਲ ਪੀੜਤਾਂ ਨੂੰ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ।

ਦੋ ਦਿਨ ਪਹਿਲਾਂ WHO ਦੇ ਮੁਖੀ ਟੈਡਰੋਸ ਗੈਬੇਰੀਅਸ ਨੇ ਜਨੇਵਾ ‘ਚ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ 2 ਸਾਲਾਂ ਵਿੱਚ ਕੋਰੋਨਾਵਾਇਰਸ ਧਰਤੀ ਤੋਂ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 1920 ਦੇ ਸਪੈਨਿਸ਼ ਫਲੂ ਨੂੰ ਵੀ ਖ਼ਤਮ ਹੋਣ ਵਿੱਚ ਦੋ ਸਾਲ ਲੱਗ ਗਏ ਸਨ।