India Punjab

ਕਿਸਾਨਾਂ ਵੱਲੋਂ ਅੱਜ ਕੀਤਾ ਜਾਵੇਗਾ ਦੇਸ਼ ਭਰ ‘ਚ ਚੱਕਾ ਜਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕਿਸਾਨਾਂ ਵੱਲੋਂ ਪੂਰੇ ਭਾਰਤ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ। ਇਹ ਚੱਕਾ ਜਾਮ ਕੌਮੀ ਅਤੇ ਸੂਬਾ ਹਾਈਵੇਅ ‘ਤੇ ਕੀਤਾ ਜਾਵੇਗਾ ਪਰ ਐਮਰਜੈਂਸੀ ਅਤੇ ਐਂਬੂਲੈਂਸ, ਸਕੂਲ ਬੱਸਾਂ ਅਤੇ ਹੋਰ ਲਾਜ਼ਮੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ। ਕਿਸਾਨਾਂ ਵੱਲੋਂ ਦਿੱਲੀ ਵਿੱਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ ਕਿਉਂਕਿ ਦਿੱਲੀ ਵਿੱਚ ਪਹਿਲਾਂ ਹੀ ਧਰਨਿਆਂ ਨੂੰ ਜਾਂਦੀਆਂ ਸੜਕਾਂ ਬੰਦ ਹਨ ਅਤੇ ਪੁਲਿਸ ਨੇ ਵੀ ਆਮ ਲੋਕਾਂ ਦੇ ਜਾਣ ਉੱਤੇ ਰੋਕਾਂ ਲਾਈਆਂ ਹੋਈਆਂ ਹਨ। ਦਿੱਲੀ ਪੁਲਿਸ ਨੇ ਚੱਕਾ ਜਾਮ ਨੂੰ ਵੇਖਦਿਆਂ ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਹੈ।

ਪੰਜਾਬ ਦੇ ਲੋਕ ਵੀ ਕਿਸਾਨਾਂ ਦੇ ਸਮਰਥਨ ਵਿੱਚ ਜੁਟ ਗਏ ਹਨ ਅਤੇ ਕਿਸਾਨਾਂ ਵੱਲੋਂ ਚੱਕਾ ਜਾਮ ਲਈ ਦਿੱਤੇ ਗਏ ਸੱਦੇ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ। ਕਿਸਾਨ ਲੀਡਰਾਂ ਨੇ ਅੱਜ ਦੁਪਹਿਰ 3:01 ਮਿੰਟ ‘ਤੇ ਸਾਰੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਹਾਰਨ ਇੱਕੋ ਸਮੇਂ ਵਜਾ ਕੇ ਕਿਸਾਨ ਏਕਤਾ ਪ੍ਰਗਟਾਉਣ ਦੀ ਅਪੀਲ ਵੀ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਦੇ ਨਾਲ ਕੀਤਾ ਜਾਵੇਗਾ ਅਤੇ ਕੋਈ ਵੀ ਹਿੰਸਾ ਨਹੀਂ ਕੀਤੀ ਜਾਵੇਗੀ।

ਕਿਸਾਨ ਲੀਡਰਾਂ ਨੇ ਲੋਕਾਂ ਨੂੰ ਚੱਕਾ ਜਾਮ ਦੌਰਾਨ ਕਿਸੇ ਵੀ ਸਰਕਾਰ ਅਧਿਕਾਰੀਆਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਨਾ ਉਲਝਣ ਲਈ ਅਪੀਲ ਕੀਤੀ ਹੈ ਅਤੇ ਲੋਕਾਂ ਨੂੰ ਚੌਕਸੀ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਵਿਗਾੜਨ ਦੀ ਕੋਸ਼ਿਸ਼ ਨਾ ਕਰੇ।