India Khaas Lekh Punjab

ਕਿਸਾਨਾਂ ਵੱਲੋਂ ਰੇਲਵੇ ਟਰੈਕ ਖ਼ਾਲੀ ਕਰਨ ਦੇ ਬਾਵਜੂਦ ਅੜੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਮਾਲ ਗੱਡੀਆਂ ਰੋਕੀਆਂ, ਖਾਸ ਰਿਪੋਰਟ-ਕਿੰਨਾ ਨੁਕਸਾਨ ਝੱਲੇਗਾ ਪੰਜਾਬ

’ਦ ਖ਼ਾਲਸ ਬਿਊਰੋ: ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਭਾਵੇਂ ਰੇਲਵੇ ਟਰੈਕ ਖ਼ਾਲੀ ਕਰ ਦਿੱਤੇ ਹਨ ਪਰ ਪੰਜਾਬ ਵਿੱਚ ਹਾਲੇ ਵੀ ਰੇਲਾਂ ਦੀ ਆਵਾਜਾਈ ਠੱਪ ਹੀ ਪਈ ਹੈ। ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ ਚਲਾਉਣ ਦੇ ਫੈਸਲੇ ਮਗਰੋਂ ਹੁਣ ਮੋਦੀ ਸਰਕਾਰ ਨੇ ਮਾਲ ਗੱਡੀਆਂ ਸਣੇ ਸਾਰੀਆਂ ਗੱਡੀਆਂ ’ਤੇ ਬ੍ਰੇਕ ਲਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਲ ਗੱਡੀਆਂ ਦੀ ਸਾਰੀ ਆਵਾਜਾਈ ਉਦੋਂ ਹੀ ਸੰਭਵ ਹੋਵੇਗੀ, ਜਦੋਂ ਕਿਸਾਨ ਜਥੇਬੰਦੀਆਂ ਯਾਤਰੀ ਗੱਡੀਆਂ ਦੀ ਆਵਾਜਾਈ ਲਈ ਵੀ ਸਹਿਮਤ ਹੋਣਗੀਆਂ। ਉੱਧਰ ਮੋਦੀ ਸਰਕਾਰ ਨੇ ਵੀ ਖੇਤੀ ਕਾਨੂੰਨਾਂ ’ਤੇ ਮੁੜ ਵਿਚਾਰ ਕਰਨੋਂ ਕੋਰੀ ਨਾਂਹ ਕਰ ਦਿੱਤੀ ਹੈ।

25 ਸਤੰਬਰ ਨੂੰ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂ ਡਾ. ਦਰਸ਼ਨਪਾਲ ਪਟਿਆਲਾ ਦੀ ਅਗਵਾਈ ’ਚ ਹੰਗਾਮੀ ਆਨਲਾਈਨ ਮੀਟਿੰਗ ਕਰਕੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਟੜੀਆਂ ਖਾਲੀ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਮਾਲ ਗੱਡੀਆਂ ਚਲਾਉਣ ਲਈ ਇਹ ਸ਼ਰਤ ਮੜ੍ਹ ਰਹੀ ਹੈ ਕਿ ਕਿਸਾਨ ਯਾਤਰੀ ਗੱਡੀਆਂ ਵੀ ਲੰਘਣ ਦੇਣ, ਜੋ ਕਿ ਨਿੰਦਣਯੋਗ ਹੈ। ਇੱਕ ਕਿਸਾਨ ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਬਹਾਨੇ ਲੱਭ ਰਹੀ ਹੈ ਪਰ ਜਥੇਬੰਦੀਆਂ ਕੇਂਦਰ ਸਰਕਾਰ ਦਾ ਦਬਾਅ ਨਹੀਂ ਸਹਿਣਗੀਆਂ।


ਧਰਨੇ ਚੁੱਕਣ ਦੇ ਬਾਵਜੂਦ ਰੇਲਾਂ ਠੱਪ!

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਿਰਫ ਮਾਲ ਗੱਡੀ ਨੂੰ ਆਉਣ-ਜਾਣ ਦੇਣ ਕਿਉਂਕਿ ਕੋਲੇ ਦੇ ਭੰਡਾਰ ਖ਼ਤਮ ਹੋ ਰਹੇ ਹਨ ਤੇ ਬਿਜਲੀ ਦੀ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਸਰਕਾਰ ਦਾ ਕਹਿਣਾ ਸੀ ਕਿ ਮਾਲ ਗੱਡੀਆਂ ਬੰਦ ਹੋਣ ਕਰਕੇ ਤਾਪ ਬਿਜਲੀ ਘਰਾਂ ਅੰਦਰ ਕੋਲਾ ਨਹੀਂ ਪਹੁੰਚ ਰਿਹਾ, ਜਿਸ ਕਰਕੇ ਪੰਜਾਬ ਦੀ ਬੱਤੀ ਕਿਸੇ ਵੀ ਸਮੇਂ ਗੁੱਲ ਹੋ ਸਕਦੀ ਹੈ ਤੇ ਪੰਜਾਬ ਪੂਰੀ ਤਰਾਂ ਬਲੈਕ ਆਊਟ ਹੋ ਸਕਦਾ ਹੈ।

ਇਸ ਤਰ੍ਹਾਂ ਦਲੀਲ ਦਿੱਤੀ ਗਈ ਸੀ ਕਿ ਫ਼ਸਲਾਂ ਲਈ ਯੂਰੀਆ ਖਾਦ ਵੀ ਖਤਮ ਹੋ ਗਈ ਹੈ, ਜੇ ਕਿਸਾਨ ਧਰਨਾ ਨਹੀਂ ਚੱਕਦੇ ਤਾਂ ਉਨ੍ਹਾਂ ਨੂੰ ਫਸਲ ਬੀਜਣ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ। ਫੌਜ ਦਾ ਹਵਾਲਾ ਦੇ ਕੇ ਵੀ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਰੋਕਣ ਕਰਕੇ ਫ਼ੌਜ ਨੂੰ ਵੀ ਦਿੱਕਤਾਂ ਆ ਰਹੀਆਂ ਹਨ, ਉਨ੍ਹਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ।

ਪਰ ਹੁਣ ਜਦੋਂ ਕਿਸਾਨਾਂ ਨੇ ਧਰਨੇ ਚੁੱਕ ਦਿੱਤੇ ਹਨ ਤਾਂ ਵੀ ਰੇਲਾਂ ਦੀ ਆਵਾਜਾਈ ਬਹਾਲ ਨਹੀਂ ਕੀਤੀ ਗਈ। ਬਲਕਿ ਇਸ ਲਈ ਵੀ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਤਕ ਰੇਲ ਸੇਵਾ ਲਈ ਪੂਰੀ ਤਰ੍ਹਾਂ ਖੁੱਲ੍ਹ ਨਹੀਂ ਮਿਲਦੀ, ਉਦੋਂ ਤਕ ਕੋਈ ਗੱਡੀ ਨਹੀਂ ਚਲਾਈ ਜਾਏਗੀ।


ਕਿਸਾਨ ਸੰਘਰਸ਼ ਦਾ ਰੁਖ਼ ਦਿੱਲੀ ਵੱਲ ਕਰਨ: ਪੰਜਾਬ ਸਰਕਾਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਟਿਆਲਾ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਸੰਘਰਸ਼ ਦਾ ਰੁਖ਼ ਦਿੱਲੀ ਵੱਲ ਕਰਨ ਦੀ ਅਪੀਲ ਦੁਹਰਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਕੇਂਦਰ ਸਰਕਾਰ ਨਾਲ ਹੈ, ਜਿਸ ਕਰਕੇ ਕਿਸਾਨਾਂ ਨੂੰ ਪੰਜਾਬ ਦੀ ਥਾਂ ਆਪਣੇ ਸੰਘਰਸ਼ ਦਾ ਮੋੜਾ ਦਿੱਲੀ ਵੱਲ ਨੂੰ ਕੱਟਣ ਦੀ ਲੋੜ ਹੈ। ਊਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਸੰਘਰਸ਼ ਦਾ ਕੇਂਦਰ ਬਿੰਦੂ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗ ਰਹੀ ਹੈ। ਕਿਸਾਨਾਂ ਨੇ ਭਾਵੇਂ ਮਾਲ ਗੱਡੀਆਂ ਲਈ ਰਾਹ ਛੱਡ ਦਿੱਤੇ ਹਨ, ਪਰ ਸਪਲਾਈ ਨਾ ਆਊਣ ਕਾਰਨ ਪੰਜਾਬ ਸਰਕਾਰ ਕੋਲ਼ ਸਿਰਫ਼ 26 ਅਕਤੂਬਰ ਤਕ ਦਾ ਹੀ ਕੋਲੇ ਦਾ ਭੰਡਾਰ ਬਚਿਆ ਹੈ।

ਮੁੱਖ ਮੰਤਰੀ ਦਾ ਤਰਕ ਹੈ ਕਿ ਭਾਵੇਂ ਕੌਮੀ ਗਰਿੱਡ ਤੋਂ ਵੀ ਬਿਜਲੀ ਖਰੀਦਣ ਦਾ ਪ੍ਰਬੰਧ ਹੈ ਅਤੇ ਲੋੜ ਪੈਣ ’ਤੇ ਮਹਿੰਗੇ ਭਾਅ ਬਿਜਲੀ ਖਰੀਦੀ ਵੀ ਜਾ ਸਕਦੀ ਹੈ, ਪਰ ਬਿਜਲੀ ਦੀ ਖਰੀਦ ਸਬੰਧੀ ਕੇਂਦਰ ਤੋਂ ਮਿਲਦੇ ਫੰਡ ਵੀ ਢੁਕਵੇਂ ਰੂਪ ਵਿਚ ਨਾ ਹੋਣ ਕਾਰਨ ਬਿਜਲੀ ਸਬੰਧੀ ਸਮੱਸਿਆ ਪੈਦਾ ਹੋ ਸਕਦੀ ਹੈ। ਪੰਜਾਬ ਕੋਲ ਯੂਰੀਆ ਵੀ ਸਿਰਫ਼ 10 ਫ਼ੀਸਦੀ ਹੀ ਬਚਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਸਾਨ ਅੰਦੋਲਨ ਕਾਰਨ ਅਗਲੇ ਦੋ-ਚਾਰ ਦਿਨਾਂ ਤੱਕ ਪੰਜਾਬ ਬਿਜਲੀ ਤੋਂ ਵਾਂਝਾ ਹੋ ਜਾਏਗਾ।

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕੋਲੇ ਦੀ ਤੋਟ ਕਾਰਨ ਪੰਜਾਬ ਵਿੱਚ ਹੁਣ ਸਿਰਫ਼ ਇੱਕ ਥਰਮਲ ਪਲਾਂਟ ਹੀ ਚੱਲ ਰਹਿ ਹੈ ਤੇ ਜਦੋਂ ਉਹ ਬੰਦ ਹੋ ਗਿਆ ਤਾਂ ਸੂਬੇ ’ਚ ਬਿਜਲੀ ਗੁੱਲ ਹੋ ਜਾਏਗੀ। ਉਨ੍ਹਾਂ ਸਪਸ਼ਟ ਕੀਤਾ ਕਿ ਰਾਜ ਕੋਲ ਨੈਸ਼ਨਲ ਗਰਿੱਡਡ ਪਾਸੋਂ ਵੀ ਬਿਜਲੀ ਖਰੀਦਣ ਲਈ ਪੈਸਾ ਨਹੀਂ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨਾਲ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਹੈ, ਜਦੋਂ ਕਿ ਪੰਜਾਬ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ।


‘ਆਪ’ ਨੇ ਕੇਂਦਰ ਸਰਕਾਰ ਨੂੰ ਘੇਰਿਆ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮਾਲ ਰੇਲ ਗੱਡੀਆਂ ਰੋਕ ਲਏ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਅਤੇ ਇੱਕਜੁੱਟਤਾ ਤੋਂ ਬੁਖਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਬਦਲੇਖ਼ੋਰੀ ‘ਤੇ ਉਤਰ ਆਏ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮਾਲ ਗੱਡੀਆਂ ਚਲਾਉਣ ਲਈ ਕੇਂਦਰ ਵੱਲੋਂ ਯਾਤਰੀ ਰੇਲ ਗੱਡੀਆਂ ਚੱਲਣ ਦੇਣ ਦੀ ਸ਼ਰਤ ਬਾਂਹ ਮਰੋੜ ਕੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਹੈ। ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਿਸਾਨਾਂ ਦੀ ਗੱਲ ਸੁਣਨ ਤੋਂ ਇਸ ਲਈ ਭੱਜ ਰਹੇ ਹਨ, ਕਿਉਂਕਿ ਮੋਦੀ ਨੂੰ ਆਪਣੇ ਅੰਬਾਨੀ-ਆਡਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਹਿਤ ਜ਼ਿਆਦਾ ਪਿਆਰੇ ਹਨ। ਇਹੋ ਕਾਰਨ ਹੈ ਜਦ ਪੰਜਾਬ ਦੇ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਰੇਲ ਲਾਈਨਾਂ ਖ਼ਾਲੀ ਕਰ ਦਿੱਤੀਆਂ ਤਾਂ ਮੋਦੀ ਨੇ ਸਭ ਤੋਂ ਪਹਿਲਾਂ ਮੋਗਾ ਸਥਿਤ ਅੰਡਾਨੀਆਂ ਦੇ ਸਾਇਲੋ ਲਈ ਮਾਲ ਗੱਡੀ ਭੇਜ ਦਿੱਤੀ। ਇਹ ਕਿਸਾਨਾਂ ਨੂੰ ਭੜਕਾ ਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਜਿਸ ਬਾਰੇ ਪੂਰੇ ਪੰਜਾਬ ਨੂੰ ਸੁਚੇਤ ਰਹਿਣਾ ਪਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੀ ਥਾਂ ਭਾਜਪਾਈ ਆਗੂਆਂ ਵੱਲੋਂ ਕਦੇ ਉਨ੍ਹਾਂ ਨੂੰ ਦਲਾਲ ਕਿਹਾ ਜਾਂਦਾ ਹੈ ਅਤੇ ਕਦੇ ਗੁਮਰਾਹ ਕਰਨ ਵਾਲੇ ਕਿਹਾ ਜਾਂਦਾ ਹੈ। ਮਾਨ ਨੇ ਮੋਦੀ ਸਮੇਤ ਪੂਰੀ ਭਾਜਪਾ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਜੇ ਖੇਤੀ ਬਾਰੇ ਕੇਂਦਰੀ ਕਾਨੂੰਨ ਐਨੇ ਹੀ ਕ੍ਰਾਂਤੀਕਾਰੀ ਹਨ ਤਾਂ ਯੂਪੀ-ਬਿਹਾਰ ਦੇ ਬੇਵੱਸ ਕਿਸਾਨਾਂ ਤੋਂ ਅੱਧੇ ਮੁੱਲ ਝੋਨਾ ਖ਼ਰੀਦ ਕੇ ਵਿਚੋਲੀਏ ਪੰਜਾਬ ਦੀਆਂ ਮੰਡੀਆਂ ‘ਚ ਐਮਐਸਪੀ ਉੱਪਰ ਵੇਚਣ ਦਾ ਗੋਰਖਧੰਦਾ ਕਿਉਂ ਚਲਾ ਰਹੇ ਹਨ?

ਮਾਨ ਨੇ ਕਿਹਾ ਕਿ ਸ਼ਰਤਾਂ ਸਹਿਤ ਮਾਲ ਗੱਡੀਆਂ ਰੋਕ ਕੇ ਪੰਜਾਬ ਨੂੰ ਆਰਥਿਕ ਤੌਰ ‘ਤੇ ਤੋੜਨ ਭੁੱਖੇ ਮਾਰਨ ਅਤੇ ਤੜੀ ਪਾਰ ਕਰਨ ਦੀ ਬਦਲੇਖ਼ੋਰ ਸੋਚ ਰੱਖਣ ਵਾਲੇ ਪ੍ਰਧਾਨ ਮੰਤਰੀ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਪੰਜਾਬ ਤੋਂ ਬਗੈਰ, ਜੈ ਜਵਾਨ ਅਤੇ ਜੈ ਕਿਸਾਨ, ਨਾਅਰੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਦੇਸ਼ ਨੂੰ ਆਜ਼ਾਦੀ ਦਿਵਾਉਣ ਅਤੇ ਭੁੱਖਮਰੀ ‘ਚੋਂ ਕੱਢਣ ਲਈ ਸਭ ਤੋਂ ਵੱਧ 90 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ ਹੀ ਹੈ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਯੂਰੀਆ, ਕੋਇਲਾ, ਬਿਜਲੀ ਅਤੇ ਵਪਾਰ ਦੇ ਹਵਾਲੇ ਦੇ ਕੇ ਕਿਸਾਨਾਂ ਨੂੰ ਅਪੀਲਾਂ ਕਰਨ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨਾਂ ਦੀ ਗੱਲ ਕਰਨ।


ਮਾਲ ਗੱਡੀਆਂ ਬੰਦ ਕਰਨਾ ਰੇਲਵੇ ਦਾ ਫੈਸਲਾ: ਰੇਲਵੇ ਅਧਿਕਾਰੀ

ਮੰਡਲ ਰੇਲਵੇ ਮੈਨੇਜਰ (DRM) ਰਾਜੇਸ਼ ਅਗਰਵਾਲ ਨੇ ਦੱਸਿਆ ਕਿ 24 ਸਤੰਬਰ ਤੋਂ ਕਿਸਾਨ ਜੱਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਕਾਰਨ ਰੇਲਵੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। 21 ਅਕਤੂਬਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਮਾਲ ਰੇਲ ਸੇਵਾ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਗਿਆ।

ਇਸ ਤੋਂ ਬਾਅਦ, ਉੱਤਰ ਰੇਲਵੇ ਦੇ ਫਿਰੋਜ਼ਪੁਰ ਅਤੇ ਅੰਬਾਲਾ ਡਿਵੀਜ਼ਨਾਂ ਦੁਆਰਾ ਤੁਰੰਤ ਪ੍ਰਭਾਵ ਨਾਲ ਮਾਲ ਰੇਲ ਗੱਡੀਆਂ ਚਲਾਈਆਂ ਗਈਆਂ। ਇਸ ਦੌਰਾਨ 173 ਮਾਲ ਗੱਡੀਆਂ ਚਲਾਈਆਂ ਗਈਆਂ, ਪਰ ਇਨ੍ਹਾਂ ਦੋ ਦਿਨਾਂ ਦੌਰਾਨ, ਰੋਮਾਣਾ ਅਲਬੇਲ ਸਿੰਘ ਵਿੱਚ ਇੱਕ ਯਾਤਰੀ ਗੱਡੀ ਦਾ ਖਾਲੀ ਰੈਕ ਰੋਕ ਦਿੱਤਾ ਗਿਆ ਜਿਸ ਨੂੰ ਵਾਪਿਸ ਲਿਆਉਣਾ ਪਿਆ।

ਇਸੇ ਤਰ੍ਹਾਂ ਕੁਝ ਕੁਝ ਹੋਰ ਮਾਲ ਗੱਡੀਆਂ ਵੀ ਰੋਕੀਆਂ ਗਈਆਂ ਸਨ। ਇਸ ਤਰ੍ਹਾਂ, ਮਾਲ ਗੱਡੀਆਂ ਦੇ ਸੰਚਾਲਨ ਵਿੱਚ ਵਿਘਨ ਪਿਆ ਅਤੇ ਇਸ ਨੂੰ ਲਾਗੂ ਕਰਨਾ ਮੁਸ਼ਕਲ ਹੋ ਰਿਹਾ ਸੀ। ਅਜਿਹਾ ਇਸ ਲਈ ਕਿਉਂਕਿ ਗੱਡੀਆਂ ਦੇ ਸੰਚਾਲਨ ਦੀ ਯੋਜਨਾ ਪੂਰੇ ਦੇਸ਼ ਦੇ ਨੈਟਵਰਕ ਅਤੇ ਜ਼ਰੂਰਤਾਂ ਤੋਂ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਗੱਡੀਆਂ ਦੀ ਸੁਰੱਖਿਆ ਤੇ ਸ਼ਡਿਊਲ ਨੂੰ ਵੇਖਣਾ ਵੀ ਜ਼ਰੂਰੀ ਹੈ। ਜੋ ਗੱਡੀਆਂ ਇੰਨ ਪਿਛਲੇ ਦਿਨਾਂ ਤੋਂ ਬੰਦ ਪਈਆਂ ਸਨ ਉਨ੍ਹਾਂ ਨੂੰ ਮੇਨਟੇਨੈਂਸ ਲਈ ਵੀ ਲਿਜਾਇਆ ਜਾਣਾ ਸੀ, ਪਰ ਅਜਿਹਾ ਸੰਭਵ ਨਹੀਂ ਹੋ ਪਾ ਰਿਹਾ।

ਇਸ ਲਈ, 23 ਅਕਤੂਬਰ ਨੂੰ, ਰੇਲਵੇ ਨੇ ਇਹ ਫੈਸਲਾ ਲਿਆ ਕਿ ਜਦੋਂ ਤਕ ਸਥਿਤੀ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਜਾਂਦੀ, ਉਦੋਂ ਤੱਕ ਪੰਜਾਬ ਤੋਂ ਕੋਈ ਵੀ ਮਾਲ ਰੇਲ ਗੱਡੀ ਨਹੀਂ ਚਲਾਈ ਜਾਏਗੀ। ਇਹ ਪਾਬੰਦੀ ਪਹਿਲਾਂ 24-25 ਅਕਤੂਬਰ ਤੱਕ ਸੀ, ਹੁਣ ਇਸ ਨੂੰ 29 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਮੰਡਲ ਰੇਲਵੇ ਮੈਨੇਜਰ ਨੇ ਕਿਸਾਨ ਜੱਥੇਬੰਦੀਆਂ ਨੂੰ ਰੇਲਵੇ ਟਰੈਕ/ਸਟੇਸ਼ਨ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵਧੀਆ ਰੇਲ ਸੇਵਾ ਮੁਹੱਈਆ ਕਰਵਾਈ ਜਾ ਸਕੇ।


ਮਾਲ ਗੱਡੀਆਂ ਰੁਕਣ ਕਰਕੇ ਕਾਰੋਬਾਰ ਦਾ ਵੱਡਾ ਨੁਕਸਾਨ

ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਇਸ ਵੇਲੇ 40 ਦੇ ਕਰੀਬ ਮਾਲ ਗੱਡੀਆਂ ਖੜ੍ਹੀਆਂ ਹਨ ਜਿਨ੍ਹਾਂ ’ਚੋਂ 20 ਗੱਡੀਆਂ ਅੱਜ ਵਾਪਸ ਬੁਲਾ ਲਈਆਂ ਗਈਆਂ ਹਨ। ਨੰਗਲ ਦੇ ਇੱਕ ਪ੍ਰਾਈਵੇਟ ਸਨਅਤਕਾਰ ਨੇ ਗੁਜਰਾਤ ਤੋਂ ਲੂਣ ਮੰਗਾਇਆ ਸੀ ਜਿਸ ਦੀ ਸਪਲਾਈ ਵਾਲਾ ਰੈਕ 20 ਦਿਨਾਂ ਤੋਂ ਦੂਸਰੇ ਰਾਜ ਵਿਚ ਖੜ੍ਹਾ ਸੀ। ਅਖੀਰ ਇਹ ਰੈਕ ਅੰਬਾਲਾ ਮੰਗਵਾ ਕੇ ਸਪਲਾਈ ਸੜਕੀ ਰਸਤੇ ਪੰਜਾਬ ਆਈ। ਸੂਤਰ ਦੱਸਦੇ ਹਨ ਕਿ ਜਦੋਂ ਤੀਹ ਕਿਸਾਨ ਧਿਰਾਂ ਨੇ ਰੇਲ ਮਾਰਗਾਂ ਤੋਂ ਮਾਲ ਗੱਡੀਆਂ ਨੂੰ ਲਾਂਘਾ ਦੇਣ ਦਾ ਫ਼ੈਸਲਾ ਲਿਆ, ਉਦੋਂ ਤੱਕ ਕੇਂਦਰ ਇਸ ਤਰ੍ਹਾਂ ਦੇ ਰੌਂਅ ਵਿੱਚ ਨਹੀਂ ਸੀ।

ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁੜ ਕਿਸਾਨ ਧਿਰ ਨੇ ਬਣਾਂਵਾਲੀ ਥਰਮਲ ਅਤੇ ਰਾਜਪੁਰਾ ਥਰਮਲ ਦੇ ਨੇੜੇ ਰੇਲ ਮਾਰਗ ਜਾਮ ਕਰ ਦਿੱਤਾ, ਉਸ ਮਗਰੋਂ ਕੇਂਦਰ ਸਰਕਾਰ ਨੇ ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰਨ ਦਾ ਫ਼ੈਸਲਾ ਕਰ ਲਿਆ। ਪੰਜਾਬ ਲਈ ਬਾਹਰਲੇ ਸੂਬਿਆਂ ਵਿੱਚ ਕਰੀਬ 60 ਮਾਲ ਗੱਡੀਆਂ ਲੋਡ ਖੜ੍ਹੀਆਂ ਹਨ। ਇਸ ਫ਼ੈਸਲੇ ਨਾਲ ਖਾਦ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਅੱਜ ਤੋਂ ਪੰਜਾਬ ’ਚ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ।

ਪੰਜਾਬ ਵਿੱਚ ਮਾਲ ਰੇਲ ਗੱਡੀਆਂ ਠੱਪ ਹੋਣ ਕਰਕੇ ਲੁਧਿਆਣਾ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਲੁਧਿਆਣਾ ਕਸਟਮ ਹਾਊਸ ਏਜੰਟਸ ਐਸੋਸੀਏਸ਼ਨਜ਼ ਦੇ ਪ੍ਰਧਾਨ ਨੇ ਦੱਸਿਆ ਕਿ 30 ਸਤੰਬਰ ਤੋਂ ਰੇਲਾਂ ਬੰਦ ਹੋਣ ਕਰਕੇ ਮਾਲ ਦੀ ਸਪਲਾਈ ਰੁਕੀ ਹੋਈ ਹੈ, ਜਿਸ ਕਰਕੇ ਐਕਪੋਰਟ (ਨਿਰਯਾਤ) ਆਰਡਰ ਪੂਰੇ ਨਹੀਂ ਕੀਤੇ ਜਾ ਰਹੇ ਅਤੇ ਕਾਰੋਬਾਰ ਦਾ ਵੱਡਾ ਨੁਕਸਾਨ ਹੋ ਰਿਹਾ ਹੈ।

ਵਿਕੀਪੀਡੀਆ ਅਨੁਸਾਰ ਲੁਧਿਆਣਾ ਜੰਕਸਨ ਭਾਰਤ ਦੇ ਸਭ ਤੋਂ ਰੁਝੇਵੇਂ ਭਰੇ ਸਟੇਸ਼ਨਾਂ ਅਤੇ ਭਾਰਤੀ ਰੇਲਵੇ ਦੇ ਚੋਟੀ ਦੇ ਸੌ ਬੁਕਿੰਗ ਸਟੇਸ਼ਨਾਂ ਵਿੱਚੋਂ ਇੱਕ ਹੈ। ਲੁਧਿਆਣਾ ਡੀਜ਼ਲ ਸ਼ੈੱਡ ਵਿਚ 184+ ਇੰਜਣ ਸ਼ਾਮਲ ਹਨ, ਜਿਸ ਵਿਚ ਡਬਲਯੂ.ਡੀ.ਐਮ 2, ਡਬਲਯੂ.ਡੀ.ਐਮ 3 ਏ ਅਤੇ ਡਬਲਯੂ.ਏ.ਜੀ 4 ਡੀ ਸ਼ਾਮਲ ਹਨ।


ਪੰਜਾਬ ’ਚੋਂ ਮਾਲ ਗੱਡੀਆਂ ਰਾਹੀਂ ਪ੍ਰਤੀ ਮਹੀਨਾ 480 ਕਰੋੜ ਰੁਪਏ ਦੀ ਕਮਾਈ

ਰੇਲਾਂ ਬੰਦ ਹੋਣ ਕਰਕੇ ਨਾ ਸਿਰਫ ਸਵਾਰੀਆਂ, ਬਲਕਿ ਸਰਕਾਰ ਦਾ ਵੀ ਨੁਕਸਾਨ ਹੋ ਰਿਹਾ ਹੈ। ਰੋਜ਼ਾਨਾਂ ਲੱਖਾਂ ਯਾਤਰੀ ਰੇਲਾਂ ਰਾਹੀਂ ਸਫ਼ਰ ਕਰਦੇ ਹਨ, ਜਿਸ ਨਾਲ ਸਰਕਾਰ ਨੂੰ ਫਾਇਦਾ ਮਿਲਦਾ ਹੈ। ਰੇਲ ਆਵਾਜਾਈ ਬੰਦ ਹੋਣ ਹੁਣ ਸਰਕਾਰੀ ਖ਼ਜ਼ਾਨੇ ਨੂੰ ਵੀ ਢਾਹ ਲੱਗ ਰਹੀ ਹੈ।

ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਪੰਜਾਬ ’ਚੋਂ ਰੇਲਵੇ ਨੂੰ ਮਾਲ ਗੱਡੀਆਂ ਰਾਹੀਂ ਪ੍ਰਤੀ ਮਹੀਨਾ 480 ਕਰੋੜ ਰੁਪਏ ਦੀ ਕਮਾਈ ਹੁੰਦੀ ਸੀ ਜੋ ਹੁਣ ਘੱਟ ਕੇ 40 ਕਰੋੜ ਰੁਪਏ ਰਹਿ ਗਈ ਹੈ। ਸੂਤਰ ਦੱਸਦੇ ਹਨ ਕਿ ਕੇਂਦਰ ਨੇ ਮਨ ਬਣਾ ਲਿਆ ਹੈ ਕਿ ਰੇਲਵੇ ਦਾ ਘਾਟਾ ਝੱਲ ਲਿਆ ਜਾਵੇ ਅਤੇ ਨਵੀਂ ਸਪਲਾਈ ਦੇਣੀ ਬੰਦ ਕਰ ਦਿੱਤੀ ਜਾਵੇ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਗੱਲਬਾਤ ਦਾ ਕੋਈ ਨਵਾਂ ਸੱਦਾ ਨਹੀਂ ਦਿੱਤਾ ਗਿਆ ਹੈ।


ਪੰਜਾਬ ’ਚ ਰੋਜ਼ਾਨਾ 300 ਤੋਂ ਵੱਧ ਯਾਤਰੀ ਗੱਡੀਆਂ ਪ੍ਰਭਾਵਿਤ

DRM ਰਾਜੇਸ਼ ਅਗਰਵਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਰੋਜ਼ਨਾ 300 ਤੋਂ ਵੱਧ ਯਾਤਰੀ ਗੱਡੀਆਂ ਦੀ ਆਵਾਜਾਈ ਹੁੰਦੀ ਹੈ ਜਿਸ ਵਿੱਚ ਰੋਜ਼ਾਨਾ ਹਜ਼ਾਰਾਂ ਯਾਤਰੀ ਸਫ਼ਰ ਕਰਦੇ ਹਨ। ਪਰ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋਣ ਕਰਕੇ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਪਰਵਾਸੀ ਮਜ਼ਦੂਰ ਦੋ ਆਪਣੇ ਸੂਬਿਆਂ ਤੋਂ ਵਾਪਿਸ ਪੰਜਾਬ ਪਰਤਣਾ ਚਾਹੁੰਦੇ ਹਨ। ਤਿਉਹਾਰਾਂ ਨੂੰ ਵੇਖਦਿਆਂ ਵਿਸ਼ੇਸ਼ ਰੇਲ ਗੱਡੀਆਂ ਅਤੇ ਕੋਵਿਡ ਵਿਸ਼ੇਸ਼ ਰੇਲ ਗੱਡੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਜਿਸ ਕਰਕੇ ਸਵਾਰੀਆਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ।

4 ਨਵੰਬਰ ਤਕ ਰੱਦ ਯਾਤਰੀ ਗੱਡੀਆਂ ਦਾ ਵੇਰਵਾ

ਕੋਵਿਡ ਵਿਸ਼ੇਸ਼ ਰੇਲ ਗੱਡੀਆਂ:
02425/26 ਨਵੀਂ ਦਿੱਲੀ-ਜੰਮੂ ਤਵੀ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ
02053/54 ਹਰਿਦੁਆਰ-ਅਮ੍ਰਿਤਸਰ-ਹਰਿਦੁਆਰ ਜਨਸ਼ਤਾਬਾਦੀ ਐਕਸਪ੍ਰੈਸ
22439/40 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ
02461/62 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸ਼੍ਰੀ ਸ਼ਕਤੀ ਐਕਸਪ੍ਰੈਸ
02011/12 ਨਵੀਂ ਦਿੱਲੀ-ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ
02029/30 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸਵਰਨ ਸ਼ਤਾਬਦੀ ਐਕਸਪ੍ਰੈਸ।

ਤਿਉਹਾਰ ਸਬੰਧੀ ਵਿਸ਼ੇਸ਼ (Festival special) ਰੇਲ ਗੱਡੀਆਂ:
02421/22 ਅਜਮੇਰ-ਜੰਮੂ ਤਵੀ ਐਕਸਪ੍ਰੈਸ
02231/32 ਲਖਨਊ-ਚੰਡੀਗੜ੍ਹ-ਲਖਨਊ ਐਕਸਪ੍ਰੈਸ
04611/12 ਵਾਰਾਣਸੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਵਾਰਾਣਸੀ ਐਕਸਪ੍ਰੈਸ
04401/02 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਐਕਸਪ੍ਰੈਸ
02587/88 ਗੋਰਖਪੁਰ-ਜੰਮੂ ਤਵੀ-ਗੋਰਖਪੁਰ ਐਕਸਪ੍ਰੈੱਸ
05097/98 ਭਾਗਲਪੁਰ-ਜੰਮੂ ਤਵੀ-ਭਾਗਲਪੁਰ ਐਕਸਪ੍ਰੈਸ
09027/28 ਬਾਂਦਰਾ ਟਰਮੀਨਸ-ਜੰਮੂ ਤਵੀ-ਬਾਂਦਰਾ ਟਰਮੀਨਸ ਐਕਸਪ੍ਰੈਸ
09611/12 ਅਜਮੇਰ-ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ
09613 /14 ਅਜਮੇਰ-ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ
02331/32 ਹਾਵੜਾ-ਜੰਮੂ ਤਵੀ ਐਕਸਪ੍ਰੈਸ