Others

‘ਮੋਟੀ’ ਕਮਾਈ ਦੱਸ ਕੇ ਸਰਕਾਰ ਪੱਟੇ ਉੱਤੇ ਚਾੜ੍ਹ ਰਹੀ ਸਟੇਡੀਅਮ, ਸੜਕਾਂ ਤੇ ਰੇਲਵੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਨੈਸ਼ਨਲ ਮੋਨੇਟਾਈਜੇਸ਼ਨ ਪਾਈਪਲਾਇਨ ਯਾਨੀ ਕਿ ਐੱਨਐੱਮਪੀ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਸਿਰਫ ਘੱਟ ਵਰਤੋਂ ਵਾਲੀਆਂ ਜਾਇਦਾਦਾਂ ਨੂੰ ਪੱਟੇ ਉੱਤੇ ਚਾੜ੍ਹ ਕੇ ਸਰਕਾਰ ਪੈਸਾ ਕਮਾਵੇਗੀ। ਪਰ ਮਾਲਕੀ ਦਾ ਹੱਕ ਸਰਕਾਰ ਕੋਲ ਹੀ ਰਹੇਗਾ।ਇਸ ਯੋਜਨਾ ਦੇ ਤਹਿਤ ਮੋਦੀ ਸਰਕਾਰ ਬ੍ਰਾਉਨਫੀਲਡ ਇੰਨਫ੍ਰਾਸਟਰਕਚਰ ਅਸਾਸਿਆਂ ਯਾਨੀ ਕਿ ਤਿਆਰ ਬੁਨਿਆਦੀ ਢਾਂਚੇ ਤੋਂ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਗਲੇ ਛੇ ਸਾਲ ਵਿੱਚ 6 ਲੱਖ ਕਰੋੜ ਰੁਪਏ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਦੱਸਿਆ ਗਿਆ ਹੈ ਕਿ ਸਰਕਾਰ ਸੜਕ, ਰੇਲਵੇ, ਸਟੇਡੀਅਮ, ਫਾਇਬਰ ਨੈਟਵਰਕ, ਗੈਸ ਪਾਇਪਲਾਈਨ ਤੇ ਟੈਲੀਕਾਮ ਟਾਵਰ ਨੂੰ ਪੱਟੇ ਯਾਨੀ ਕਿ ਲੀਜ਼ ਉੱਤੇ ਦੇਣ ਦੀ ਤਿਆਰੀ ਵਿੱਚ ਹੈ।


ਜੇਕਰ ਸੜਕ ਦੀ ਲੀਜ਼ ਉੱਤੇ ਦੇਣ ਤੋਂ ਕਮਾਈ ਦੀ ਗੱਲ ਕਰੀਏ ਤਾਂ 26700 ਕਿਲੋਮੀਟਰ ਕੌਮੀ ਸ਼ਾਹਰਾਹ ਤੇ ਨਵੀਆਂ ਸੜਕਾਂ ਰਾਹੀਂ ਕੁਲ ਮਿਲਾ ਕੇ 1 ਲੱਖ 6 ਹਜ਼ਾਰ ਕਰੋੜ ਰੁਪਏ ਮਿਲਣਗੇ।


ਰੇਲਵੇ ਲਈ 90 ਯਾਤਰੀ ਟਰੇਨਾਂ, 400 ਰੇਲਵੇ ਸਟੇਸ਼ਨ, 741 ਕਿਲੋਮੀਟਰ ਕੋਂਕਣ ਰੇਲਵੇ, 265 ਗੋਦਾਮ, 15 ਰੇਲਵੇ ਸਟੇਡੀਅਮ, 4 ਹਿਲ ਰੇਲਵੇ ਤੋਂ 1.52 ਲੱਖ ਕਰੋੜ ਦੀ ਆਮਦਨ ਹੋਣ ਦਾ ਅਨੁਮਾਨ ਹੈ।

ਇਸੇ ਤਰ੍ਹਾਂ 25 ਏਅਰਪੋਰਟ, ਪਾਵਰ ਟ੍ਰਾਂਸਮਿਸ਼ਨ ਦੀਆਂ 28608 ਸਰਕਿਟ ਕਿਲੋਮੀਟਰ ਲਾਇਨਾਂ, ਫਾਇਬਰ ਨੈਟਵਰਕ ਤੋਂ 2.86 ਲੱਖ ਕਿਲੋਮੀਟਰ, ਤੇਲ ਗੈਸ ਪਾਇਪਲਾਇਨ ਦੇ 8154 ਕਿਲੋਮੀਟਰ ਤੇ 14917 ਟੈਲੀਕਾਮ ਟਾਵਰ ਨੂੰ ਵੀ ਪੱਟੇ ਉੱਤੇ ਦਿੱਤਾ ਜਾ ਰਿਹਾ ਹੈ।ਕੇਂਦਰ ਦੀਆਂ ਸੰਭਾਵਨਾਵਾਂ ਮੁਤਾਬਿਕ ਵਿਤੀ ਸਾਲ 2022 ਵਿੱਚ 0.88 ਲੱਖ ਕਰੋੜ, 2023 ਵਿਚ 1.62 ਲੱਖ ਕਰੋੜ, 2024 ਵਿਚ 1.79 ਲੱਖ ਕਰੋੜ ਤੇ 2025 ਵਿੱਚ 1.67 ਲੱਖ ਕਰੋੜ ਰੁਪਏ ਇਕੱਠੇ ਹੋਣਗੇ।