Punjab

ਬੇਅਦਬੀ ਕਾਂਡ ‘ਚ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ‘ਤੇ ਕੇਸ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਬੇਦਅਬੀ ਕਾਂਡ ਵਿੱਚ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਤੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਅਦਾਲਤੀ ਹੁਕਮਾਂ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਹੀਂ ਹੋਣ ਤੇ ਕੀਤੀ ਗਈ ਹੈ। ਅਦਾਲਤ ਨੇ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਭਗੌੜੇ ਐਲਾਨਣ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਅਤੇ ਇਨ੍ਹਾਂ ਖਿਲਾਫ਼ ਆਈਪੀਸੀ ਦੀ ਧਾਰਾ 174ਏ ਤਹਿਤ ਮੁਕੱਦਮਾ ਦਰਜ ਕਰਨ ਲਈ ਕਿਹਾ ਸੀ। ਬਾਜਾਖਾਨਾ ਪੁਲੀਸ ਨੇ ਜੁਡੀਸ਼ਲ ਮੈਜਿਸਟਰੇਟ ਸੁਰੇਸ਼ ਕੁਮਾਰ ਦੇ ਹੁਕਮਾਂ ਅਨੁਸਾਰ ਕੇਸ ਦਰਜ ਕਰ ਲਿਆ ਹੈ। 

ਜ਼ਿਕਰਯੋਗ ਹੈ ਕਿ ਜਾਂਚ ਟੀਮ ਨੇ 6 ਜੁਲਾਈ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਸੀ। ਅਦਾਲਤ ਨੇ ਕਮੇਟੀ ਮੈਂਬਰਾਂ ਦੇ ਚਾਰ ਵਾਰ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਪਰ ਛਾਪੇਮਾਰੀ ਦੌਰਾਨ ਨੂੰ ਇਹ ਵਿਅਕਤੀ ਨਹੀਂ ਮਿਲੇ। ਅਦਾਲਤ ਨੇ ਇਨ੍ਹਾਂ ਨੂੰ 18 ਜਨਵਰੀ ਨੂੰ ਭਗੌੜੇ ਕਰਾਰ ਦੇ ਕੇ ਪਰਚਾ ਵੀ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੇਅਦਬੀ ਕਾਂਡ ਤੋਂ ਬਾਅਦ ਡੇਰੇ ਦੀ ਕੌਮੀ ਕਮੇਟੀ ਦੇ ਉਪਰੋਕਤ ਤਿੰਨੇ ਮੈਂਬਰ ਰੂਪੋਸ਼ ਹੋ ਗਏ ਸਨ ਜੋ ਅੱਜ ਤੱਕ ਕਿਸੇ ਵੀ ਜਾਂਚ ਟੀਮ ਨੂੰ ਲੱਭ ਨਹੀਂ ਮਿਲੇ ਹਨ। ਇੱਥੋਂ ਤੱਕ ਕਿ ਜਾਂਚ ਏਜੰਸੀਆਂ ਲੰਬੀ ਪੜਤਾਲ ਤੋਂ ਬਾਅਦ ਇਨ੍ਹਾਂ ਦੀਆਂ ਤਸਵੀਰਾਂ ਵੀ ਨਹੀਂ ਲੱਭ ਸਕੀਆਂ ਹਨ।