India

ਬੰਬੇ ਹਾਈਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਖਿਲਾਫ ਕੇਸ ਦਰਜ

‘ਦ ਖ਼ਾਲਸ ਬਿਊਰੋ :- ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਦੇ ਖ਼ਿਲਾਫ਼ ਦੁਸ਼ਹਿਰਾ ਮਨਾਉਣ ਮੌਕੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਵਜ਼ੀਰਾਬਾਦ ਨਾਂਦੇੜ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਬੰਬੇ ਹਾਈਕੋਰਟ ਨੇ ਪ੍ਰਬੰਧਕੀ ਬੋਰਡ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਕੋਵਿਡ-19 ਨੂੰ ਲੈ ਕੇ ਜਿਹੜੇ ਦਿਸ਼ਾ-ਨਿਰਦੇਸ਼ ਦਿੱਤੇ ਸਨ, ਉਨ੍ਹਾਂ ਦਾ ਬੋਰਡ ਵੱਲੋਂ ਪਾਲਣ ਨਹੀਂ ਕੀਤਾ ਗਿਆ। ਬੋਰਡ ਦੇ ਸੁਪਰੀਟੈਂਡੈਂਟ ਗੁਰਵਿੰਦਰ ਸਿੰਘ ਵਾਧਵਾ ਨੇ ਕਿਹਾ ਕਿ ਪੁਲਿਸ ਵੱਲੋਂ ਹੁਣ ਤੱਕ ਉਨ੍ਹਾਂ ਨੂੰ ਕੇਸ ਦਰਜ ਹੋਣ ਬਾਰੇ  ਲਿਖਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇੰਨਾਂ ਧਾਰਾਵਾਂ ਅਧੀਨ ਮਾਮਲਾ ਦਰਜ

ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਖ਼ਿਲਾਫ਼ IPC ਦੀ ਧਾਰਾ 270, ਜਿਸ ਮੁਤਾਬਿਕ ਖ਼ਤਰਨਾਕ ਬਿਮਾਰੀ ਨੂੰ ਫੈਲਾਉਣ, ਧਾਰਾ 188 ਸਰਕਾਰੀ ਹੁਕਮਾਂ ਦੀ ਅਣਦੇਖੀ, ਧਾਰਾ 34 ਜਾਣ ਬੁੱਝ ਕੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਉਲੰਘਣਾ ਕਰਨ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਬੰਬੇ ਹਾਈਕੋਰਟ ਨੇ ਇਹ ਦਿੱਤੇ ਸਨ ਇਹ ਦਿਸ਼ਾ ਨਿਰਦੇਸ਼ 

ਬਾਬੇ ਹਾਈ ਕੋਰਟ ਨੇ ਦੁਸਹਿਰੇ ‘ਤੇ ਨਗਰ ਕੀਰਤਨ ਕੱਢਣ ਦੇ ਲਈ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਨੂੰ ਨਿਰਦੇਸ਼ ਦਿੱਤੇ ਸਨ ਕਿ ਸੰਗਤ ਪੈਦਲ ਨਹੀਂ ਚੱਲੇਗੀ ਜਦਕਿ 250 ਤੋਂ 300 ਦੇ ਕਰੀਬ ਸੰਗਤ ਨਗਰ ਕੀਰਤਨ ਵਿੱਚ ਪੈਦਲ ਚੱਲਦੀ ਹੋਈ ਵਿਖਾਈ ਦਿੱਤੀ।  ਇਸ ਤੋਂ ਇਲਾਵਾ ਬੋਰਡ ਨੂੰ ਇਜਾਜ਼ਤ ਦਿੱਤੀ ਸੀ ਕਿ ਸਿਰਫ਼ ਇੱਕ ਹੀ ਪਾਲਕੀ ਸਾਹਿਬ ਹੋਵੇਗੀ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ। 16 ਇਤਿਹਾਸਕ ਨਿਸ਼ਾਨ ਸਾਹਿਬ, ਗੁਰੂ ਸਾਹਿਬ ਜੀ ਦੇ 5 ਘੋੜੇ, ਤਿੰਨ ਕੀਰਤਨੀ ਜਥੇ ਖੁੱਲੇ ਟਰੱਕ ਵਿੱਚ ਬੈਠ ਸਕਦੇ ਹਨ। ਇੱਕ ਟਰੱਕ ‘ਤੇ ਸਿਰਫ਼ 16 ਲੋਕਾਂ ਨੂੰ ਹੀ ਬੈਠਣ ਦੀ  ਇਜਾਜ਼ਤ ਸੀ ਪਰ ਸਾਰਿਆਂ ਦਾ ਕੋਰੋਨਾ ਟੈਸਟ ਹੋਣਾ ਜ਼ਰੂਰੀ ਸੀ, ਪਰ ਇਸ ਦੇ ਬਾਵਜੂਦ ਵੀ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਪੈਦਲ ਮਾਰਚ ਕਰਨ ‘ਤੇ ਪੁਲਿਸ ਨੇ ਸਖ਼ਤ ਨੋਟਿਸ ਲਿਆ ਹੈ।