Punjab

ਕੈਪਟਨ ਸਰਕਾਰ ਨੇ ਕੋਰੋਨਾ ਟੈਸਟਾਂ ਦੇ ਰੇਟਾਂ ਹੋਰ ਘਟਾਏ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਦੇ ਟੈਸਟਾਂ ਦੇ ਰੇਟਾਂ ਨੂੰ ਘਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰ ਵੱਲੋਂ ਇਹ ਆਦੇਸ਼ ਨਾ ਕੇਵਲ ਸਰਕਾਰੀ ਲੈਬ ਲਈ ਹਨ, ਬਲਕਿ ਪ੍ਰਾਈਵੇਟ ਲੈਬਾਂ ‘ਤੇ ਵੀ ਨਿਰਧਾਰਿਤ ਹੋਣਗੇ।

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਬਲਬੀਰ ਸਿੰਘ ਸਿੱਧੂ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਰੋਨਾ ਸਬੰਧੀ ਟੈਸਟਾਂ ‘ਚ ਵਾਜਿਬ ਰੇਟਾਂ ਦੀ ਸੁਵਿਧਾ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂ ਪ੍ਰਾਈਵੇਟ ਲੈਬ ਲਈ ਕੋਵਿਡ-19 ਦੇ ਟੈਸਟਾਂ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਹੁਣ ਪ੍ਰਾਈਵੇਟ ਲੈਬ ਵੱਲੋਂ ਕੋਵਿਡ-19 ਦੇ ਇੱਕ RT-PCR ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਤੇ ਰੈਪਿਡ ਐਂਟੀਜਨ ਟੈਸਟਿੰਗ (RAT) ਲਈ 1000/- ਰੁਪਏ ਤੋਂ ਘਟਾ ਕੇ ਹੁਣ 700/- ਰੁਪਏ ਕਰ ਦਿੱਤੇ ਗਏ ਹਨ, ਜਿਸ ‘ਚ GST ਤੇ ਹੋਰ ਸਾਰੇ ਟੈਕਸ ਸ਼ਾਮਿਲ ਹੋਣਗੇ।

ਘਰਾਂ ਤੋਂ ਸੈਂਪਲ ਇਕੱਠੇ ਕਰਨ ਦੀ ਵਾਧੂ ਸੁਵਿਧਾ ਲਈ ਰੇਟ ਪ੍ਰਾਈਵੇਟ ਲੈਬ ਵੱਲੋਂ ਆਪਣੇ ਪੱਧਰ ਤੇ ਹੀ ਤੈਅ ਕੀਤੇ ਜਾਣਗੇ। ICMR ਵੱਲੋਂ ਮੰਜੂਰਸ਼ੁਦਾ 45 ਪ੍ਰਾਈਵੇਟ ਲੈਬ ਵੱਲੋਂ ਕੀਤੇ ਜਾ ਸਕਦੇ ਹਨ। ਜਦਕਿ ਸੂਬੇ ਦੇ 600 ਸਰਕਾਰੀ ਹਸਪਤਾਲਾਂ ਵਿੱਚ ਇਹ ਟੈਸਟ ਦੀ ਸੁਵਿਧਾ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਅਣਚਾਹੇ ਤੇ ਅਣਕਿਆਸੇ ਹਾਲਾਤ ਪੈਦਾ ਹੋਏ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਕਾਰਵਾਈ ਕਰਨ ਤੇ ਸਹਿਯੋਗ ਕਰਨ ਦੀ ਜ਼ਰੂਰਤ ਹੈ। ਇਸ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਨਫੈਕਸ਼ਨ ਦੀ ਜਲਦੀ ਪਹਿਚਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਫੈਲਣ ਤੇ ਇਸ ਨਾਲ ਮੌਤਾਂ ਦਾ ਮੁੱਖ ਕਾਰਨ ਇਹ ਹੈ ਕਿ ਲੱਛਣ ਹੋਣ ਦੇ ਬਾਵਜੂਦ ਵੀ ਲੋਕ ਸਿਹਤ ਸੰਸਥਾਵਾਂ ਨੂੰ ਦੇਰੀ ਨਾਲ ਸੂਚਿਤ ਕਰਦੇ ਹਨ, ਜਿਸ ਕਾਰਨ ਟੈਸਟ ‘ਚ ਦੇਰੀ ਹੋ ਜਾਂਦੀ ਹੈ।

ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ੱਕੀ ਮਰੀਜਾਂ ਨੂੰ ਟੈਸਟ ਕਰਵਾਉਣ ਲਈ ਡਾਕਟਰ ਦੀ ਪਰਚੀ ਦੀ ਜ਼ਰੂਰਤ ਨਹੀਂ ਹੈ ਅਤੇ ਜਿਨ੍ਹਾਂ ਦਾ ਟੈਸਟ ਪਾਜ਼ਿਟਿਵ ਆਇਆ ਹੈ ਤਾਂ ਉਹ ਘਰਾਂ ਵਿੱਚ ਵੀ ਆਈਸੋਲੇਟ ਹੋ ਸਕਦੇ ਹਨ। ਜੇਕਰ ਮਾਮੂਲੀ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ‘ਚ ਤਕਲੀਫ, ਸਰੀਰ ਦਰਦ, ਥਕਾਵਟ, ਸਵਾਦ ਤੇ ਸੁੰਘਣ ਸ਼ਕਤੀ ਦਾ ਘੱਟਣਾ, ਵਗਦਾ ਨੱਕ ਆਦਿ ਹਨ, ਜਾਂ ਕੋਰੋਨਾ ਮਰੀਜ ਦੇ ਸੰਪਰਕ ਵਿੱਚ ਆਏ ਹੋ ਤਾਂ ਕੋਵਿਡ-19 ਦਾ ਟੈਸਟ ਜ਼ਰੂਰ ਕਰਵਾਓ।