Punjab

ਕੈਪਟਨ ਨੂੰ ਨਹੀਂ ਹੈ ਪੰਜਾਬ ਦੀ ਕੋਈ ਫਿਕਰ, ਕੇਂਦਰ ਨਾਲ ਮਿਲ ਕੇ ਖੇਡ ਰਹੇ ਹਨ ਗੇਮ – ਸੁਖਬੀਰ ਬਾਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਤੁਸੀਂ ਪੰਜਾਬ ਦੇ ਲਈ ਹੀ ਫੈਸਲੇ ਕਰੋ। ਉਨਾਂ ਨੇ ਕੈਪਟਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਮੋਦੀ ਦੇ ਅਨੁਕੂਲ ਫੈਸਲੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ‘ਕਿਸਾਨ ਸ਼੍ਰੋਮਣੀ ਅਕਾਲੀ ਦਲ ‘ਤੇ ਪੂਰਾ ਭਰੋਸਾ ਕਰਦੇ ਹਨ। ਕੈਪਟਨ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਦੀ ਕੋਈ ਫਿਕਰ ਨਹੀਂ ਹੈ। ਪਰ ਅਸੀਂ ਕਿਸਾਨ ਜਥੇਬੰਦੀਆਂ ਦਾ ਹਰ ਹੁਕਮ ਮੰਨਾਂਗੇ ਅਤੇ ਉਨ੍ਹਾਂ ਦਾ ਸਾਥ ਦੇਵਾਂਗੇ’।

ਸੁਖਬੀਰ ਬਾਦਲ ਨੇ ਕਿਹਾ ਕਿ ‘ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣਾ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੋ ਕਿ ਉਹ ਨਿਭਾ ਨਹੀਂ ਰਹੀ ਬਲਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਆਪਸ ਵਿੱਚ ਗੇਮ ਖੇਡ ਰਹੀ ਹੈ।  ਬੀਜੇਪੀ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ ਅਤੇ ਕੈਪਟਨ ਉਸਦੀ ਸਪੋਰਟ ਕਰ ਰਿਹਾ ਹੈ। ਲੋਕਾਂ ਨੇ ਕੈਪਟਨ ਨੂੰ ਸੂਬੇ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਮੁੱਖ ਮੰਤਰੀ ਬਣਾਇਆ ਸੀ ਤਾਂ ਜੋ ਕੈਪਟਨ ਸੂਬੇ ਦੀ ਲੜਾਈ ਲੜੇ। ਜੋ ਕੰਮ ਹੁਣ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ, ਉਹ ਕੈਪਟਨ ਨੂੰ ਕਰਨਾ ਚਾਹੀਦਾ ਸੀ, ਪਰ ਕੈਪਟਨ ਤਾਂ ਤਿੰਨ ਮਹੀਨਿਆਂ ਤੋਂ ਘਰੋਂ ਬਾਹਰ ਹੀ ਨਹੀਂ ਨਿਕਲਿਆ’।

ਉਨ੍ਹਾਂ ਨੇ ਕੈਪਟਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੱਲ੍ਹ ਹੀ ਕੈਬਨਿਟ ਮੀਟਿੰਗ ਸੱਦਣ, ਪੂਰੇ ਪੰਜਾਬ ਨੂੰ ਇੱਕ ਮੰਡੀ ਘੋਸ਼ਿਤ ਕਰਨ ਅਤੇ ਰਾਜਪਾਲ ਨੂੰ ਭੇਜਣ ਪਰ ਕੈਪਟਨ ਇਹ ਨਹੀਂ ਕਰਨਾ ਚਾਹੁੰਦੇ, ਉਹ ਤਾਂ ਕੇਂਦਰ ਸਰਕਾਰ ਨਾਲ ਗੇਮ ਖੇਡਣਾ ਚਾਹੁੰਦੇ ਹਨ।

Comments are closed.