Punjab

ਕੈਪਟਨ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ

‘ਦ ਖ਼ਾਲਸ ਬਿਊਰੋ :- ਤਰਨ ਤਾਰਨ ਦੇ ਪਿੰਡ ਭਿੱਖੀਵਿੰਡ ‘ਚ ਪਿਛਲੇ ਦਿਨੀ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਕਾਮਰੇਡ ਬਲਵਿੰਦਰ ਸਿੰਘ ਦੇ ਪੁੱਤਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਹ ਜਾਣਕਾਰੀ ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ, ਪੁੱਤਰ ਗਗਨਦੀਪ ਸਿੰਘ, ਪੁੱਤਰ ਅਰਸ਼ਦੀਪ ਸਿੰਘ ਸਮੇਤ ਪੀੜਤ ਪਰਿਵਾਰ ਨਾਲ ਅਫਸੋਸ ਕਰਨ ਪਹੁੰਚੇਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮ.ਪੀ ਜਸਬੀਰ ਸਿੰਘ ਡਿੰਪਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਿੱਤੀ ਤੇ ਦੱਸਿਆ ਕਿ 19 ਅਕਤੂਬਰ ਨੂੰ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਕਾਮਰੇਡ ਬਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀੜਤ ਪਰਿਵਾਰ ਕੋਲ ਹਮਦਰਦੀ ਪ੍ਰਗਟ ਕਰਨ ਲਈ ਭੇਜਿਆ ਹੈ।

ਐਮ.ਪੀ ਜਸਬੀਰ ਡਿੰਪਾ ਨੇ ਆਖਿਆ ਕਿ ਕਾਮਰੇਡ ਬਲਵਿੰਦਰ ਸਿੰਘ ਨਾਲ ਮੇਰਾ ਬਹੁਤ ਨਿੱਜੀ ਪ੍ਰੇਮ ਸੀ, ਕਿਉਂਕਿ ਸਾਡਾ ਪਰਿਵਾਰ ਵੀ ਅੱਤਵਾਦ ਪੀੜਤ ਰਿਹਾ ਹੈ, ਸੋ ਸਾਨੂੰ ਪਤਾ ਹੈ ਕਿ ਕਾਲੇ ਦੌਰ ਸਮੇਂ ਪਰਿਵਾਰਾਂ ਨੂੰ ਕਿੰਨਾ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਾਂਚ ਕਰ ਰਹੀ SIT ਨੂੰ ਦੱਸ ਦਿਨਾਂ ਦੇ ਵਿੱਚ ਇਸ ਕੇਸ ਨੂੰ ਹੱਲ ਕਰਨ ਲਈ ਕਿਹਾ ਗਿਆ ਅਤੇ ਪੂਰੀ ਟੀਮ ਇਸ ਕੇਸ ਨੂੰ ਹੱਲ ਕਰਨ ਦਿਨ-ਰਾਤ ਕੰਮ ਕਰ ਰਹੀ ਹੈ।

ਕਾਮਰੇਡ ਬਲਵਿੰਦਰ ਸਿੰਘ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਤਤਪਰ ਰਹੇ ਹਨ, ਜਿਸ ਬੰਦੇ ਨੇ 40 ਦੇ ਕਰੀਬ ਮੁਕਾਬਲਿਆਂ ਦਾ ਡੱਟ ਕੇ ਸਾਹਮਣਾ ਕੀਤਾ, ਜੋ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਕਾਮਰੇਡ ਬਲਵਿੰਦਰ ਸਿੰਘ ਦਾ ਦੁਨੀਆਂ ਤੋਂ ਤੁਰ ਜਾਣਾ ਭਾਰਤ, ਪੰਜਾਬ ਤੇ ਇਲਾਕਿਆਂ ਲਈ ਬਹੁਤ ਵੱਡਾ ਘਾਟਾ ਹੈ। ਇਸ ਮੌਕੇ ਡਾਇਰੈਕਟਰ ਕਿਰਨਜੀਤ ਸਿੰਘ ਮਿੱਠਾ, ਸੁਰਿੰਦਰ ਸਿੰਘ ਬੁੱਗ, ਐਸ.ਪੀ ਜਗਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।