India Punjab

ਕੈਪਟਨ ਸਾਹਿਬ ਨੇ ਫਿਰ ਪਾ ਦਿੱਤਾ ਅੱਗ ‘ਚ ਘਿਓ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਨਾਲ ਰਿਸ਼ਤੇ ਨੂੰ ਲੈ ਕਿ ਛਿੜੀ ਚੁੰਝ ਚਰਚਾ ਹਾਲੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕੈਪਟਨ ਨੇ ਇਸੇ ਦਰਮਿਆਨ ਆਪਣੇ ਫੇਸਬੁੱਕ ਪੇਜ ਤੋਂ ਅਰੂਸਾ ਆਲਮ ਦੀਆ ਹੋਰ ਸਿਆਸੀ ਲੀਡਰਾਂ ਤੇ ਸਖਸ਼ੀਅਤਾਂ ਨਾਲ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਇਹ ਤਸਵੀਰਾਂ ਹੁਣ ਵਿਰੋਧੀਆਂ ਲਈ ਅੱਗ ਵਿੱਚ ਘਿਓ ਦਾ ਕੰਮ ਕਰ ਰਹੀਆਂ ਹਨ ਤੇ ਲੀਡਰਾਂ ਨੂੰ ਹੋਰ ਚਰਚਾ ਕਰਨ ਲਈ ਕੰਮ ਮਿਲ ਗਿਆ ਹੈ।

ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਅਰੂਸਾ ਆਲਮ ਦੀਆਂ ਵੱਖ-ਵੱਖ ਪਤਵੰਤੇ, ਸੱਜਣਾਂ ਦੇ ਨਾਲ ਤਸਵੀਰਾਂ ਦੀ ਲੜੀ ਸਾਂਝੀ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਹ ਸਾਰੇ ਵੀ ਆਈਐਸਆਈ ਦੇ ਏਜੰਟ ਹਨ। ਕੈਪਟਨ ਨੇ ਕਿਹਾ ਹੈ ਕਿ ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਜਰੂਰ ਸੋਚ ਲੈਣਾ ਚਾਹੀਦਾ ਹੈ। ਇਹ ਸਭ ਸਿਰਫ਼ ਤੰਗ ਮਾਨਸਿਕਤਾ ਦਾ ਪ੍ਰਗਟਾਵਾ ਹੈ।


ਅਰੂਸਾ ਆਲਮ ਦੀਆਂ ਇਨ੍ਹਾਂ ਸ਼ਖਸੀਅਤਾਂ ਨਾਲ ਕੀਤੀਆਂ ਹਨ ਤਸਵੀਰਾਂ ਸਾਂਝੀਆਂ

ਕੈਪਟਨ ਵੱਲੋਂ ਅਰੂਸਾ ਆਲਮ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਤਸਵੀਰ ਸਾਂਝੀ ਕੀਤੀ ਗਈ ਹੈ। ਕੈਪਟਨ ਨੇ ਅਰੂਸਾ ਆਲਮ ਦੀਆਂ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਮੁਲਿਆਇਮ ਸਿੰਘ ਯਾਦਵ ਅਤੇ ਡਾ. ਅਮਰ ਸਿੰਘ, ਇਸਲਾਮਾਬਾਦ ਵਿੱਚ SAFMA ਮੀਟਿੰਗ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿਨਹਾ, ਬੀਜੇਪੀ ਸੰਸਦ ਮੈਂਬਰ ਅਤੇ ਅਦਾਕਾਰ ਸ਼ਤਰੂਘਣ ਸਿਨਹਾ, ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਸ਼ਾਮ ਸਰਨ, ਫਿਲਮ ਡਾਇਰੈਕਟਰ ਮਹੇਸ਼ ਭੱਟ, ਆਰਮੀ ਕਮਾਂਡਰ ਜਨਰਲ ਅਰੋੜਾ, ਅਦਾਕਾਰ ਦਿਲੀਪ ਕੁਮਾਰ, ਭਾਰਕੀ ਹਾਈ ਕਮਿਸ਼ਨਰ ਜੇਐੱਨ ਦੀਕਸ਼ਿਤ, ਗਵਰਨਰ ਆਫ ਪੰਜਾਬ ਜਨਰਲ ਰੌਦਰੀਗਿਊਸ, ‘ਦ ਅਜੀਤ ਅਖਬਾਰ ਦੇ ਐਡੀਟਰ ਬਰਜਿੰਦਰ ਸਿੰਘ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਅਰੂਸਾ ਆਲਮ ਨੂੰ ਕੇਂਦਰ ਸਰਕਾਰ ਤੋਂ ਵੀਜ਼ੇ ਲੈ ਕੇ ਦੇਣ ਤੇ ਅਰੂਸਾ ਦੇ ਆਈਐਸਆਈ ਨਾਲ ਸਬੰਧਾਂ ਨੂੰ ਲੈ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲਾਂ ਟਵੀਟ ਕੀਤਾ ਸੀ, ਹਾਲਾਂਕਿ ਉਹ ਬਾਅਦ ਵਿਚ ਟਵੀਟ ਡਿਲੀਟ ਕਰ ਗਏ ਪਰ ਉਸ ਦਿਨ ਤੋਂ ਟਵਿਟਰ ਵਾਰ ਦੇ ਰੂਪ ਵਿੱਚ ਭੜਕਿਆ ਇਹ ਮੁੱਦਾ ਹਾਲੇ ਵੀ ਗਰਮ ਹੈ।