Punjab

ਗੁਰੂਹਰਸਾਏ ‘ਚ 400 ਵਿਦਿਆਰਥੀਆਂ ਨੂੰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਵੰਡੇ ਸਮਾਰਟਫੋਨ

‘ਦ ਖ਼ਾਲਸ ਬਿਊਰੋ ( ਫਿਰੋਜ਼ਪੁਰ ) :- ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੇ ਵਾਇਦੇ ਨੂੰ ਪੂਰਾ ਕਰਦਿਆਂ ਅੱਜ ਗੁਰਹਰਸਹਾਏ ‘ਚ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ (ਲੜਕੇ ਤੇ ਲੜਕੀਆਂ) ਦੇ 400 ਵਿਦਿਆਰਥੀਆਂ ਨੂੰ ਸਮਾਰਟ ਮੋਬਾਇਲ ਫੋਨ ਵੰਡੇ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਪੜਾਈ ਵਿੱਚ ਮਦਦ ਕਰਨ ਦਾ ਇਤਿਹਾਸਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਸਿੱਖਿਆ ਪਿਛਲੇ ਕੁੱਝ ਸਮੇਂ ਤੋਂ ਆਨਲਾਈਨ ਚਲ ਰਹੀ ਹੈ, ਪਰ ਗਰੀਬ ਪਰਿਵਾਰਾਂ ਦੇ ਬੱਚੇ, ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ, ਉਹ ਇਸ ਆਨਲਾਈਨ ਪੜਾਈ ਦਾ ਲਾਭ ਨਹੀਂ ਲੈ ਪਾ ਰਹੇ ਸਨ।  ਉਨ੍ਹਾਂ ਕਿਹਾ ਕਿ ਇਹ ਸਮਾਰਟ ਫੋਨ ਮਿਲਣ ਨਾਲ ਹੁਣ ਉਹ ਆਪਣੀ ਪੜਾਈ ਵਧੀਆ ਢੰਗ ਨਾਲ ਕਰ ਸਕਣਗੇ। ਉਨ੍ਹਾ ਦੱਸਿਆ ਕਿ ਵਿਦਿਆਰਥੀ ਨਾ ਸਿਰਫ ਆਨਲਾਈਨ ਪੜਾਈ ਕਰ ਸਕਣਗੇ ਬਲਕਿ ਅਜੋਕੇ ਸਮੇਂ ਵਿੱਚ ਵਰਤੇ ਜਾਣ ਵਾਲੇ ਡਿਜੀਟਲ ਭੁਗਤਾਨ, ਡਿਜੀਟਲ ਬੈਂਕਿੰਗ ਆਦਿ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਸ੍ਰ: ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਸਮਾਰਟ ਫੋਨਾਂ ਦੀ ਸਭ ਤੋਂ ਵੱਡੀ ਖਾਸਿਅਤ ਇਹ ਹੈ ਕਿ ਵਿਦਿਆਰਥੀਆਂ ਦੇ ਕੰਮ ਆਉਣ ਵਾਲੀਆਂ ‘ਈ-ਸੇਵਾ ਐਪ’ ਵਰਗੀਆਂ ਕੁੱਝ ਜ਼ਰੂਰੀ ਮੋਬਾਇਲ ਐਪ ਪਹਿਲਾਂ ਤੋਂ ਹੀ ਇਸ ਮੋਬਾਇਲ ਵੀ ਲੋਡ ਕੀਤੀਆਂ ਗਈਆਂ ਹਨ। ਇਨਾਂ ਸਮਾਰਟ ਮੋਬਾਇਲ ਫੋਨਾਂ ਵਿੱਚ ਸਕੂਲ ਸਿੱਖਿਆ ਵਿਭਾਗ ਦੁਆਰਾ ਪ੍ਰਵਾਨਗੀ ਹਾਸਲ 11ਵੀਂ ਤੇ 12ਵੀਂ ਜਮਾਤ ਦਾ ਈ-ਪਾਠਕ੍ਰਮ ਵੀ ਸ਼ਾਮਲ ਕੀਤਾ ਗਿਆ ਹੈ। ਇਸ ਉਪਰਾਲੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਖ਼ਾਸਕਰ ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਆਪਣੀ ਪੜਾਈ ਵਿੱਚ ਭਾਰੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਮਾਰਟ ਕੁਨੈਕਟ ਸਕੀਮ ਦਾ ਮਕਸਦ ਨੌਜਵਾਨ ਪੀੜੀ ਦੀ ਡਿਜੀਟਲ ਪਹੁੰਚ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹੀ ਸਰਕਾਰੀ ਐਪਲੀਕੇਸ਼ਨਾਂ (ਐਪ) ਰਾਹੀਂ ਮੁੱਢਲੀਆਂ ਲੋਕ ਪੱਖੀ ਸੇਵਾਵਾਂ, ਸਿੱਖਿਆ, ਕੈਰੀਅਰ ਦੇ ਮੌਕਿਆਂ, ਹੁਨਰ ਵਿਕਾਸ ਤੇ ਰੁਜ਼ਗਾਰ ਦੇ ਮੌਕਿਆਂ ਤੱਕ ਉਨਾਂ ਦੀ ਪਹੁੰਚ ਨੂੰ ਵੀ ਯਕੀਨੀ ਬਣਾਉਣਾ ਹੈ। ਮੋਬਾਇਲ ਮਿਲਣ ਉਪਰੰਤ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸ. ਰਵਿੰਦਰ ਸਿੰਘ ਅਰੋੜਾ ਐਸ.ਡੀ.ਐਮ, ਸੀਨੀਅਰ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ,  ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲ ਅਰੋੜਾ, ਪ੍ਰਿੰਸੀਪਲ ਕਰਨ ਸਿੰਘ ਧਾਲੀਵਾਲ, ਪ੍ਰਿੰਸੀਪਲ ਸੁਰੇਸ਼ ਕੁਮਾਰ, ਗੁਰਦੀਪ ਸਿੰਘ ਢਿੱਲੋ, ਅੰਮ੍ਰਿਤਪਾਲ ਸਿੰਘ, ਨਸੀਬ ਸਿੰਘ ਸੰਧੂ, ਦਵਿੰਦਰ ਜੰਗ, ਵੇਦ ਪ੍ਰਕਾਸ਼ ਚੇਅਰਮੈਨ ਮਾਰਕੀਟ ਕਮੇਟੀ, ਪ੍ਰਧਾਨ ਆੜਤੀਆ ਐਸੋਸੀਏਸ਼ਨ ਰਵੀ ਸ਼ਰਮਾ, ਅੰਗਰੇਜ ਸਿੰਘ, ਬਲਕਾਰ ਸਿੰਘ, ਵਿੱਕੀ ਸੰਧੂ, ਸੋਹਣ ਸਿੰਘ ਚੇਅਰਮੈਨ ਬਲਾਕ ਸਮਿਤੀ, ਨਛੱਤਰ ਸਿੰਘ, ਕੁਲਦੀਪ ਧਵਨ, ਦੀਪੂ ਨਰੂਲਾ, ਵਿੱਕੀ ਨਰੂਲਾ ਆਦਿ ਹਾਜ਼ਰ ਸਨ।