Punjab

ਬ੍ਰਹਮ ਮਹਿੰਦਰਾ ਨੇ 650 ਕਰੋੜ ਰੁਪਏ ਨਾਲ ਬਣਨ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਕੀਤਾ ਉਦਘਾਟਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁਹਾਲੀ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਦੁੱਗਣੀ ਰਫ਼ਤਾਰ ਦਿੰਦਿਆਂ ਅੱਜ ਸ਼ਹਿਰ ਵਿੱਚ 650 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਬ੍ਰਹਮ ਮਹਿੰਦਰਾ ਨੇ ਪਿੰਡ ਸੀਂਹਪੁਰ ਵਿੱਚ 375 ਕਰੋੜ ਰੁਪਏ ਨਾਲ ਬਣ ਰਹੇ ਵਾਟਰ ਟਰੀਟਮੈਂਟ ਪਲਾਂਟ ਦੇ ਪਹਿਲੇ ਪੜਾਅ ਦਾ ਉਦਾਘਟਨ ਕੀਤਾ ਅਤੇ ਦੂਜੇ ਪੜਾਅ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਸੈਕਟਰ-77 ਵਿੱਚ ਮੁਹਾਲੀ ਦੇ ਨਵੇਂ ਬੱਸ ਅੱਡੇ, ਸੈਕਟਰ-78 ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਤ ਆਸਾ ਰਾਮ ਬੈਦਵਾਣ ਆਡੀਟੋਰੀਅਮ ਅਤੇ ਸੈਕਟਰ-83 ਵਿਖੇ 145 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮੁਹਾਲੀ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਨਿਰਮਾਣ ਕਾਰਜ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਏਅਰਪੋਰਟ ਰੋਡ ਉੱਤੇ 14 ਏਕੜ ਰਕਬੇ ਵਿੱਚ ਸ਼ਹਿਰ ਦੇ ਕੇਂਦਰੀ ਸਥਾਨ ਉੱਤੇ ਬੱਸ ਅੱਡਾ ਬਣਨ ਮਗਰੋਂ ਸਵਾਰੀਆਂ ਨੂੰ ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਅੱਡੇ ਅਤੇ ਚੰਡੀਗੜ੍ਹ ਤੋਂ ਵਾਇਆ ਮੁਹਾਲੀ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਜਾਣ ਵਿੱਚ ਸੌਖ ਹੋਵੇਗੀ।

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਸੀਂਹਪੁਰ ਦਾ ਵਾਟਰ ਟਰੀਟਮੈਂਟ ਪਲਾਂਟ ਮੋਹਾਲੀ ਸ਼ਹਿਰ ਦੀ ਅਗਲੀ 20 ਸਾਲ ਤੱਕ ਦੀ ਪੀਣ ਵਾਲੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰੇਗਾ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ 80 ਐਮ.ਜੀ.ਡੀ ਸਮਰੱਥਾ ਦੀ ਪਾਣੀ ਦੀ ਪਾਇਪ ਲਾਇਨ 200 ਕਰੋੜ ਦੀ ਲਾਗਤ ਉੱਤੇ ਭਾਖੜਾ ਮੇਨ ਲਾਇਨ ਕਜੋਲੀ ਤੋਂ ਪਿੰਡ ਸੀਂਹਪੁਰ ਤੱਕ ਪਾਈ ਗਈ ਹੈ। ਇਸ ਵਿੱਚੋਂ 45 ਐਮ.ਜੀ.ਡੀ. ਹਿੱਸਾ ਮੋਹਾਲੀ ਸ਼ਹਿਰ ਦਾ ਹੈ, ਜਿਸ ਨੂੰ ਸੋਧਣ ਲਈ ਪਹਿਲੇ ਪੜਾਅ ਅਧੀਨ 20 ਐਮ.ਜੀ.ਡੀ. ਸਮਰੱਥਾ ਦਾ ਇਹ ਟਰੀਟਮੈਂਟ ਪਲਾਂਟ 115.80 ਕਰੋੜ ਰੁਪਏ ਦੀ ਲਾਗਤ ਉੱਤੇ ਉਸਾਰਿਆ ਗਿਆ ਹੈ ਅਤੇ ਦੂਜੇ ਪੜਾਅ ਅਧੀਨ 25 ਐਮ.ਜੀ.ਡੀ. ਸਮਰੱਥਾ ਦੇ ਵਾਟਰ ਟਰੀਟਮੈਂਟ ਪਲਾਂਟ ਦੇ ਟੈਂਡਰ (ਲਾਗਤ 192 ਕਰੋੜ ਰੁਪਏ) ਮੰਗੇ ਗਏ ਹਨ।

ਉਨ੍ਹਾਂ ਕਿਹਾ ਕਿ ਦੂਜੇ ਪੜਾਅ ਅਧੀਨ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਵਿੱਚੋਂ 6 ਐਮ.ਜੀ.ਡੀ ਪਾਣੀ ਖਰੜ ਅਤੇ ਮੋਰਿੰਡਾ ਨੂੰ ਵੀ ਦਿੱਤਾ ਜਾਵੇਗਾ। ਸਿੱਧੂ ਨੇ ਦੱਸਿਆ ਕਿ ਸੈਕਟਰ-78 ਵਿੱਚ ਭਗਤ ਆਸਾ ਰਾਮ ਬੈਦਵਾਣ ਆਡੀਟੋਰੀਅਮ ਵਿੱਚ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਜੀ ਦੇ ਨਾਮ ਉਤੇ ਹਾਲ ਉਸਾਰਿਆ ਜਾਵੇਗਾ ਤਾਂ ਜੋ ਨਵੇਂ ਉੱਭਰਦੇ ਨਾਟ ਰੰਗ ਕਰਮੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਹੁਨਰ ਨੂੰ ਤਰਾਸ਼ ਸਕਣ।