India Punjab

ਕਿਸਾਨੀ ਅੰਦੋਲਨ ‘ਤੇ ਫਤਿਹ ਪਾਉਣ ਲਈ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਜ਼ਰੂਰੀ – ਪੰਧੇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਲੋਕਾਂ ਨੂੰ ਅਡਾਨੀ, ਅੰਬਾਨੀ ਅਤੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਫਤਿਹ ਪਾਉਣ ਲਈ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਨਾ ਜ਼ਰੂਰੀ ਹੈ। ਕਿਸਾਨ ਲੀਡਰਾਂ ਨੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਅੰਦਰੂਨੀ ਹਾਲਤ ਅੰਦੋਲਨ ਕਾਰਨ ਠੀਕ ਨਹੀਂ ਹੈ। ਦਿੱਲੀ ਮੋਰਚਾ ਲੋਕਾਂ ਦੀ ਭਾਰੀ ਆਮਦ ਨਾਲ ਲਗਾਤਾਰ ਜਾਰੀ ਹੈ। ਸਿਆਸੀ ਪਾਰਟੀਆਂ ਕਿਸਾਨੀ ਅੰਦੋਲਨ ਵਿੱਚੋਂ ਵੀ 2022 ਦੀ ਸੱਤਾ ਦੇ ਸੁਪਨੇ ਵੇਖ ਰਹੀਆਂ ਹਨ। ਸਿਆਸੀ ਪਾਰਟੀਆਂ ਆਏ ਦਿਨ ਕਿਸਾਨੀ ਦੇ ਨਾਮ ‘ਤੇ ਇਕੱਠ ਕਰ ਰਹੀਆਂ ਹਨ, ਜਿਸ ਤੋਂ ਇਨ੍ਹਾਂ ਪਾਰਟੀਆਂ ਦੇ ਮਨਸੂਬੇ ਸਾਫ ਜ਼ਾਹਿਰ ਹੋ ਜਾਂਦੇ ਹਨ। ਲੀਡਰਾਂ ਨੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਸਿਆਸੀ ਪਾਰਟੀਆਂ ਦੇ ਇਕੱਠ ਵਿੱਚ ਜਾਣ ਤੋਂ ਗ਼ੁਰੇਜ਼ ਕਰਨ ਦੀ ਅਪੀਲ ਕਰਦਿਆਂ ਪੰਜਾਬ ਵਾਸੀਆਂ ਨੂੰ ਇੱਕਜੁਟ ਹੋ ਕੇ ਕਿਸਾਨੀ ਝੰਡੇ ਹੇਠਾਂ ਦਿੱਲੀ ਮੋਰਚੇ ਵੱਲ ਕੂਚ ਕਰਨ ਲਈ ਕਿਹਾ।