ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਸੰਯੁਕਤ ਕਿਸਾਨ ਮੋਰਚਾ ਨੇ ਅੱਜ ਹੋਲੀ ਮੌਕੇ ਤਿੰਨ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਸਾੜ ਕੇ ਆਪਣਾ ਵਿਰੋਧ ਜ਼ਾਹਿਰ ਕੀਤਾ। ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਅਤੇ ਜਨ ਵਿਰੋਧੀ ਕਰਾਰ ਦਿੰਦਿਆਂ ਕਿਸਾਨਾਂ ਨੇ ਦਿੱਲੀ ਦੇ ਮੋਰਚਿਆਂ ‘ਤੇ ਹੋਲੀ ਦਾ ਤਿਉਹਾਰ ਮਨਾਇਆ। ਇਸ ਤਿਓਹਾਰ ਨੂੰ ਬੁਰਾਈ ‘ਤੇ ਨੇਕੀ ਦੀ ਜਿੱਤ ਦੀ ਨਿਸ਼ਾਨੀ ਵਜੋਂ ਵੇਖਦਿਆਂ, ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਾ ਪਏਗਾ ਅਤੇ ਐਮਐਸਪੀ ਉੱਤੇ ਕਾਨੂੰਨ ਬਣਾਇਆ ਜਾਏਗਾ।


18 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਭਾਰੀ ਵਿਰੋਧ ਦੇ ਬਾਵਜੂਦ ਇੱਕ ਬਿੱਲ ਪਾਸ ਕੀਤਾ ਗਿਆ ਜਿਸਦਾ ਉਦੇਸ਼ ਅੰਦੋਲਨਕਾਰੀਆਂ ਅਤੇ ਅੰਦੋਲਨ ਨੂੰ ਦਬਾਉਣਾ ਹੈ। ਕਿਸਾਨ ਲੀਡਰਾੰ ਨੇ ਕਿਹਾ ਕਿ ਜਨਤਕ ਸੰਪੱਤੀ ਦੇ ਨੁਕਸਾਨ ਦੇ ਨਾਂਅ ‘ਤੇ ਕੀਤੇ ਗਏ ਬਿੱਲ ਵਿੱਚ ਅਜਿਹੀਆਂ ਖ਼ਤਰਨਾਕ ਵਿਵਸਥਾਵਾਂ ਹਨ ਜੋ ਲੋਕਤੰਤਰ ਲਈ ਨਿਸ਼ਚਤ ਤੌਰ ‘ਤੇ ਘਾਤਕ ਸਿੱਧ ਹੋਣਗੀਆਂ। ਸੰਯੁਕਤ ਕਿਸਾਨ ਮੋਰਚਾ ਨੇ ਇਸ ਕਾਨੂੰਨ ਦੀ ਸਖਤ ਨਿਖੇਦੀ ਕੀਤੀ ਹੈ।


ਇਸਦੇ ਤਹਿਤ ਕਿਤੇ ਵੀ ਕਿਸੇ ਦੁਆਰਾ ਕੀਤੀ ਗਈ ਨਿੱਜੀ ਜਾਂ ਜਨਤਕ ਜਾਇਦਾਦ ਦੇ ਹੋਏ ਨੁਕਸਾਨ ਦੀ ਭਰਪਾਈ ਅੰਦੋਲਨਕਾਰੀਆਂ ਵਲੋਂ ਕੀਤੀ ਜਾਏਗੀ। ਇਹ ਕਿਸੇ ਵੀ ਰੂਪ ਵਿਚ ਯੋਜਨਾਬੰਦੀ, ਉਤਸ਼ਾਹਜਨਕ ਜਾਂ ਸਹਾਇਤਾ ਕਰਨ ਵਾਲਿਆਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕਾਨੂੰਨ ਅਨੁਸਾਰ ਕਿਸੇ ਵੀ ਅਦਾਲਤ ਨੂੰ ਅਪੀਲ ਸੁਣਨ ਦਾ ਅਧਿਕਾਰ ਨਹੀਂ ਹੋਵੇਗਾ, ਅੰਦੋਲਨਕਾਰੀਆਂ ਦੀ ਜਾਇਦਾਦ ਜ਼ਬਤ ਕਰਕੇ ਕਥਿਤ ਤੌਰ ‘ਤੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵੀ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਹੈ ਅਤੇ ਇਸ ਦੀ ਦੁਰਵਰਤੋਂ ਵੱਡੇ ਪੱਧਰ ‘ਤੇ ਕੀਤੀ ਗਈ ਹੈ। ਇਹ ਪੂਰਨ ਤਾਨਾਸ਼ਾਹੀ ਦਾ ਇੱਕ ਕਦਮ ਹੈ ਅਤੇ ਮੌਜੂਦਾ ਸ਼ਾਂਤਮਈ ਕਿਸਾਨੀ ਲਹਿਰ ਵਿਰੁੱਧ ਇਸਦੀ ਦੁਰਵਰਤੋਂ ਹੋਣੀ ਯਕੀਨੀ ਹੈ। ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ।

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਐਫਸੀਆਈ ਬਚਾਓ ਦਿਵਸ ਆਉਂਦੇ 5 ਅਪ੍ਰੈਲ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਦੇਸ਼ ਭਰ ਦੇ ਐਫਸੀਆਈ ਦਫਤਰਾਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਘੇਰਿਆ ਜਾਵੇਗਾ। ਕਿਸਾਨਾਂ ਅਤੇ ਆਮ ਲੋਕਾਂ ਨੂੰ ਅੰਨ ਉਗਾਉਣ ਵਾਲੇ ਅਤੇ ਅੰਨ ਖਾਵਣ ਵਾਲੇ, ਦੋਵਾਂ ਲਈ ਭਵਿੱਖ ਦੀ ਗੱਲ ਦੱਸਦਿਆਂ ਇਸ ਦਿਨ ਇਸ ਰੋਸ ਪ੍ਰਦਰਸ਼ਨ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *