Punjab

ਬੀਜੇਪੀ ਨੇ ਪੰਜਾਬ ਵਿਧਾਨਸਭਾ ਚੋਣਾਂ 2022 ਦੀ ਕਮਾਂਡ ਦਲਿਤ ਤੇ ਸਿੱਖ ਆਗੂ ਨੂੰ ਸੌਂਪੀ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਬੀਜੇਪੀ ਪਿਛਲੇ ਕਈ ਸਾਲਾਂ ਤੋਂ ਇਕੱਲੇ ਚੋਣ ਲੜਨ ਦਾ ਜੋ ਸੁਪਨਾ ਵੇਖ ਰਹੀ ਸੀ ਉਹ ਖੇਤੀ ਕਾਨੂੰਨਾਂ ਨੇ ਉਨ੍ਹਾਂ ਨੂੰ ਦੇ ਦਿੱਤਾ ਹੈ, ਨਹੁੰ-ਮਾਸ ਤੋਂ ਵੱਖ ਹੋ ਚੁੱਕਿਆ ਹੈ, ਅਕਾਲੀ ਦਲ ਬੀਜੇਪੀ ਦਾ ਤਿੰਨ ਦਹਾਕਿਆਂ ਪੁਰਾਣਾ ਗਠਜੋੜ ਟੁੱਟ ਚੁੱਕਿਆ ਹੈ, ਪੰਜਾਬ ਦੀਆਂ ਵਿਧਾਨਸਭਾ ਚੋਣਾਂ 2022 ਫਰਵਰੀ ਵਿੱਚ ਹੋਣੀਆ ਹਨ, ਯਾਨੀ ਇਸ ਹਿਸਾਬ ਨਾਲ ਸਿੱਧੇ-ਸਿੱਧੇ 15 ਮਹੀਨੇ ਬੱਚੇ ਹਨ। ਬੀਜੇਪੀ ਨੇ ਹਰਿਆਣਾ ਵਿੱਚ 1 ਸੀਟ ਤੋਂ 2 ਵਾਰ ਲਗਾਤਾਰ ਸਰਕਾਰ ਬਣਾਈ ਹੈ, ਹੁਣ ਪੰਜਾਬ ਦੇ ਲਈ ਵੀ ਬੀਜੇਪੀ ਨੇ ਰਣਨੀਤੀ ਤਿਆਰ ਕੀਤੀ ਹੈ ਅਤੇ 2 ਉਨ੍ਹਾਂ ਚਿਹਰਿਆਂ ਨੂੰ ਅੱਗੇ ਕੀਤਾ ਜਿਸ ਦੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਰ ਹਨ। ਇੱਕ ਦਲਿਤ ਚਿਹਰਾ ਅਤੇ ਦੂਜਾ ਸਿੱਖ ਚਿਹਰਾ, ਪੰਜਾਬ ਬੀਜੇਪੀ ਦੇ ਮਿਸ਼ਨ 2022 ਦੇ ਲਈ 2 ਨਵੇਂ ਪ੍ਰਭਾਵੀ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਹਰਿਆਣਾ ਤੋਂ ਰਾਜਸਭਾ ਮੈਂਬਰ ਦੁਸ਼ਯੰਤ ਕੁਮਾਰ ਗੌਤਮ ਅਤੇ ਦੂਜਾ ਹੈ ਜੰਮੂ-ਕਸ਼ਮੀਰ ਦਾ ਵੱਡਾ ਸਿੱਖ ਚਿਹਰਾ ਡਾਕਟਰ ਨਰੇਂਦਰ ਸਿੰਘ…।

ਦੁਸ਼ਯੰਤ ਕੁਮਾਰ ਗੌਤਮ ਬਾਰੇ ਜਾਣਕਾਰੀ

ਦੁਸ਼ਯੰਤ ਕੁਮਾਰ ਗੌਤਮ ਭਾਰਤੀ ਜਨਤਾ ਪਾਰਟੀ ਦੇ ਕੌਮੀ ਉੱਪ ਪ੍ਰਧਾਨ ਨੇ ਅਤੇ ਹਰਿਆਣਾ ਤੋਂ ਰਾਜਸਭਾ ਦੇ ਮੈਂਬਰ ਹਨ, ਲੰਮੇ ਵਕਤ ਤੋਂ ਬੀਜੇਪੀ ਦੇ SC ਮੋਰਚੇ ਨਾਲ ਜੁੜੇ ਰਹੇ ਹਨ। ਦਲਿਤ ਵੋਟਰ ਨੂੰ ਚੰਗੀ ਤਰ੍ਹਾਂ ਸਮਝ ਦੇ ਹਨ। ਪੰਜਾਬ ਵਿੱਚ ਸਭ ਤੋਂ ਵੱਧ 30 ਫ਼ੀਸਦੀ ਦਲਿਤ ਵੋਟਰ ਹਨ, ਇਸੇ ਲਈ ਬੀਜੇਪੀ ਨੇ ਪ੍ਰਭਾਰੀ ਦੀ ਜ਼ਿੰਮੇਵਾਰੀ ਦੁਸ਼ਯੰਤ ਕੁਮਾਰ ਗੌਤਮ ਨੂੰ ਸੌਂਪੀ ਹੈ। ਇਹ ਹੀ ਵਜ੍ਹਾਂ ਹੈ ਕਿ ਬੀਜੇਪੀ ਵਾਰ-ਵਾਰ ਸਕਾਲਰਸ਼ਿਪ ਘੁਟਾਲੇ ਨੂੰ ਮੁੱਦਾ ਬਣਾ ਰਹੀ ਹੈ। ਸਿਰਫ਼ ਇੰਨਾਂ ਹੀ ਨਹੀਂ ਕੇਂਦਰ ਸਰਕਾਰ ਤੋਂ ਲੈ ਕੇ ਹਾਈਕੋਰਟ ਤੱਕ ਬੀਜੇਪੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਨ ਵਿੱਚ ਲੱਗੀ ਹੈ, ਹੁਣ ਤੱਕ ਪੰਜਾਬ ਵਿੱਚ ਦਲਿਤ ਵੋਟਰ ਅਕਾਲੀ ਦਲ ਅਤੇ ਕਾਂਗਰਸ ਵਿੱਚ ਵੰਡੇ ਹੋਏ ਸਨ, ਹਾਲਾਂਕਿ BSP ਦਲਿਤਾਂ ਦੀ ਸਭ ਤੋਂ ਵੱਡੀ ਪਾਰਟੀ ਹੈ, ਪਰ ਕਦੇ ਵੀ ਉਹ ਪੰਜਾਬ ਵਿੱਚ ਅਜਿਹਾ ਆਗੂ ਅੱਗੇ ਨਹੀਂ ਕਰ ਸਕੀ ਜਿਹੜੇ ਦਲਿਤਾਂ ਦਾ ਚਿਹਰਾ ਬਣ ਸਕੇ, ਜਿਹੜਾ ਚਿਹਰਾ ਥੋੜਾ ਅੱਗੇ ਵਧਿਆ ਉਸ ਨੂੰ ਕਾਂਗਰਸ ਨੇ ਜਾਂ ਫਿਰ ਅਕਾਲੀ ਨੇ ਆਪਣੇ ਨਾਲ ਮਿਲਾ ਲਿਆ। ਸੋ ਮੁੱਕਦੀ ਗੱਲ ਇਹ ਹੈ ਕਿ ਬੀਜੇਪੀ ਇਸੇ ਲਈ ਇੱਕ ਪ੍ਰਭਾਰੀ ਦੇ ਤੌਰ ਤੇ ਦਲਿਤ ਆਗੂ ਦੁਸ਼ਯੰਤ ਕੁਮਾਰ ਗੌਤਮ ਨੂੰ ਚੁਣਿਆ ਹੈ।

ਡਾਕਟਰ ਨਰੇਂਦਰ ਸਿੰਘ ਨੂੰ ਸਹਿ ਪ੍ਰਭਾਰੀ ਦੀ ਜ਼ਿੰਮੇਵਾਰੀ ਸੌਂਪੀ  

ਡਾਕਟਰ ਨਰੇਂਦਰ ਸਿੰਘ ਨੂੰ ਪੰਜਾਬ ਦੇ ਸਹਿ-ਪ੍ਰਭਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਪੰਜਾਬ ਦੇ ਗੁਆਂਢੀ ਸੂਬੇ ਜੰਮੂ-ਕਸ਼ਮੀਰ ਨਾਲ ਸਬੰਧ ਰੱਖਦੇ ਨੇ ਇਸ ਲਈ ਸਿੱਖ ਅਤੇ ਪੰਜਾਬ ਦੀ ਸਿਆਸਤ ਨੂੰ ਉਹ ਚੰਗੀ ਤਰ੍ਹਾਂ ਸਮਝ ਦੇ, ਤਕਰੀਬਨ 4 ਦਹਾਕਿਆਂ ਤੋਂ ਬੀਜੇਪੀ ਨਾਲ ਜੁੜੇ  ਨਰੇਂਦਰ ਸਿੰਘ ਵਿਦਿਆਰਥੀ ਯੂਨੀਅਨ ਤੋਂ ਲੈਕੇ ਪਾਰਟੀ ਦੇ ਕਈ ਅਹਿਮ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਇਸ ਲਈ ਪਾਰਟੀ ਨੇ ਮਿਸ਼ਨ 2022 ਦੇ ਲਈ ਡਾਕਟਰ ਨਰੇਂਦਰ ਸਿੰਘ ਨੂੰ ਚੁਣਿਆ ਹੈ, ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ ਸਿੱਖ ਵੋਟ ਕਿਵੇਂ ਬੀਜੇਪੀ ਨਾਲ ਜੋੜੇ ਜਾਣ, ਪਿੰਡਾਂ ਵਿੱਚ ਬੀਜੇਪੀ ਦੀ ਕੀ ਰਣਨੀਤੀ ਹੋਣੀ ਚਾਹੀਦਾ ਹੈ ?,NRI ਦਾ ਪੰਜਾਬ ਦੀ ਸਿਆਸਤ ਵਿੱਚ ਵੱਡਾ ਰੋਲ ਹੁੰਦਾ ਹੈ। ਉਨ੍ਹਾਂ ਨੂੰ ਕਿਵੇਂ ਆਪਣੇ ਵੱਲ ਕੀਤਾ ਜਾਵੇ, ਜੰਮੂ-ਕਸ਼ਮੀਰ ਦੀ ਕ੍ਰਿਸ਼ੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਨਰੇਂਦਰ ਸਿੰਘ ਇਸ ਲਈ ਨਰਾਜ਼ ਕਿਸਾਨ ਵੋਟਰਾਂ ਨੂੰ ਖੇਤੀ ਕਾਨੂੰਨ ਬਾਰੇ ਸਮਝਾ ਸਕਦੇ ? ਧਾਰਮਿਕ ਮੁੱਦਿਆਂ ਖ਼ਾਸ ਕਰਕੇ ਸਿੱਖ ਸਿਆਸਤ ਵਿੱਚ ਸਰਗਰਮ ਲੋਕਾਂ ਨੂੰ ਕਿਵੇਂ ਬੀਜੇਪੀ ਨਾਲ ਜੋੜਨਾ ਹੈ ?  ਇਹ ਸਾਰੇ ਸਿਆਸੀ ਏਜੰਡੇ ਨਰੇਂਦਰ ਸਿੰਘ ਦੀ ਰਣਨੀਤੀ ਦਾ ਹਿੱਸਾ ਹੋਣਗੇ

ਨਰੇਂਦਰ ਸਿੰਘ ਬਾਰੇ ਜਾਣਕਾਰੀ 

ਜੰਮੂ ਦੇ ਰਹਿਣ ਵਾਲੇ ਨਰੇਂਦਰ ਸਿੰਘ ਬੀਜੇਪੀ ਦੇ ਨਾਲ 1985 ਵਿੱਚ ਉਸ ਵੇਲੇ ਜੁੜੇ ਜਦੋਂ ਉਹ ABVP ਵਿੱਚ ਸ਼ਾਮਲ ਹੋਏ, ਤਿੰਨ ਵਾਰ ਉਹ ABVP ਦੇ ਉੱਪ ਪ੍ਰਧਾਨ ਬਣੇ,ਜਦੋਂ ਉਹ ਵਿਦਿਆਰਥੀ ਪਰਿਸ਼ਦ ਦੇ ਸੂਬਾ ਪ੍ਰਧਾਨ ਸਨ ਤਾਂ ਜੰਮੂ ਵਿੱਚ ਇੱਕ ਵੱਡਾ ਅੰਦੋਲਨ ਹੋਇਆ,ਸਾਲ 1999 ਵਿੱਚ ਜੰਮੂ ਦੇ ਪ੍ਰਾਈਮ ਮੈਡੀਕਲ ਕਾਲਜ ਵਿੱਚ ਉਨ੍ਹਾਂ ਨੇ ਇਸ ਦੀ ਅਗਵਾਈ ਕੀਤੀ। ਫਾਰੂਕ ਅਬਦੁੱਲਾ ਸਰਕਾਰ ਵੇਲੇ ਨਿੱਜੀ ਪ੍ਰਾਈਮਰੀ ਮੈਡੀਕਲ ਕਾਲਜ ਦੀਆਂ MBBS ਦੀਆਂ ਕੁੱਝ ਸੀਟਾਂ ਨੂੰ ਭਰ ਦਿੱਤਾ ਗਿਆ ਸੀ। ਸਰਕਾਰ ਦੇ ਇਸ ਫ਼ੈਸਲੇ ਦੇ ਵਿਰੋਧ ਵਿੱਚ ABVP ਨੇ ਇੱਕ ਅੰਦੋਲਨ ਕੀਤਾ ਸੀ ਜਿਸ ਦੀ ਵਜ੍ਹਾਂ ਕਰਕੇ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ।