India Punjab

ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਹੈ, ਗਰੇਵਾਲ ਆਪਣੀ ਨਸੀਹਤ ਕੋਲ ਰੱਖੇ – ਬੀਬੀ ਜਗੀਰ ਕੌਰ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਵੱਲੋਂ ਉਨ੍ਹਾਂ ਨੂੰ ਕਿਸਾਨੀ ਅੰਦੋਲਨ ਬਾਰੇ ਦਿੱਤੀ ਗਈ ਨਸੀਹਤ ਦਾ ਜਵਾਬ ਦਿੰਦਿਆਂ ਕਿਹਾ ਕਿ ‘ਹਰਜੀਤ ਸਿੰਘ ਗਰੇਵਾਲ ਸਿੱਖ ਰਵਾਇਤਾਂ ਦੇ ਖਿਲਾਫ ਬਿਆਨ ਦੇ ਰਹੇ ਹਨ। ਉਨ੍ਹਾਂ ਵੱਲੋਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਕਿਸਾਨਾਂ ਦੀ ਮਦਦ ਕਿਉਂ ਕਰ ਰਹੀ ਹੈ, ਇਹ ਉਸ ਦੀ ਧਰਮ ਪ੍ਰਤੀ ਅਗਿਆਨਤਾ ਦਾ ਪ੍ਰਗਟਾਵਾ ਹੈ।

ਗਰੇਵਾਲ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਸੇਵਾ ਕਾਰਜਾਂ ਨੂੰ ਪ੍ਰਮੁੱਖਤਾ ਦਿੱਤੀ ਹੈ ਅਤੇ ਸਮਾਜ ਨਾਲ ਖੜਨਾ ਸਿਖਾਇਆ ਹੈ। ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਹੈ ਅਤੇ ਗਰੇਵਾਲ ਨੂੰ ਆਪਣੀ ਨਸੀਹਤਾਂ ਕੋਲ ਰੱਖਣੀਆਂ ਚਾਹੀਦੀਆਂ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਸਾਨੀ ਨੂੰ ਵੱਡੀ ਵਡਿਆਈ ਦਿੱਤੀ ਹੈ ਅਤੇ ਖੁਦ ਖੇਤੀ ਕਰਕੇ ਮਾਰਗ ਦਰਸ਼ਨ ਕੀਤਾ ਹੈ। ਅੱਜ ਭਾਜਪਾ ਸਰਕਾਰ ਦੀਆਂ ਆਪਹੁਦਰੀਆਂ ਕਰਕੇ ਕਿਸਾਨੀ ਤਬਾਹੀ ਦੇ ਕਿਨਾਰੇ ਖੜ੍ਹੀ ਹੈ। ਅਜਿਹੇ ਸਮੇਂ ਹਰਜੀਤ ਸਿੰਘ ਗਰੇਵਾਲ ਨੂੰ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ ਨਾ ਕਿ ਕਿਸਾਨਾਂ ਦੀ ਮਦਦ ਕਰਨ ਵਾਲੀਆਂ ਜਥੇਬੰਦੀਆਂ ’ਤੇ ਸਵਾਲ ਕਰਨੇ ਚਾਹੀਦੇ ਹਨ’।

ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਗੁਰੂ ਸਾਹਿਬਾਨ ਵੱਲੋਂ ਦਿਖਾਏ ਗਏ ਰਸਤੇ ’ਤੇ ਚੱਲਦਿਆਂ ਸ਼੍ਰੋਮਣੀ ਕਮੇਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਭਵਿੱਖ ਵਿੱਚ ਵੀ ਖੜ੍ਹੀ ਰਹੇਗੀ। ਲੰਗਰ, ਰਹਿਣ ਲਈ ਪ੍ਰਬੰਧ, ਦਵਾਈਆਂ ਅਤੇ ਹੋਰ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰ ਨੂੰ ਸਿੱਖ ਹੁੰਦਿਆਂ ਅਜਿਹੇ ਬਿਆਨ ਸੋਭਾ ਨਹੀਂ ਦਿੰਦੇ ਅਤੇ ਉਸ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ’।

ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਕੀ ਬਿਆਨ ਦਿੱਤਾ ਸੀ

ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਪੱਤਰ ਲਿਖ ਕੇ ਕਿਸਾਨ ਅੰਦੋਲਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਬਾਰੇ ਸਵਾਲ ਚੁੱਕਦਿਆਂ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੂੰ ਅਜਿਹੀਆਂ ਫਿਰਕੂ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਇਕ ਧਾਰਮਿਕ ਸੰਸਥਾ ਦਾ ਅਕਸ ਬਰਕਰਾਰ ਰੱਖਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਆਪਣੇ ਪੱਤਰ ਵਿਚ ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਜ਼ੀ ਸ਼ੈਡ ਬਣਾ ਕੇ ਦੇਣ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਕਿਸਾਨਾਂ ਲਈ ਚੱਲ ਰਹੇ ਲੰਗਰ ਅਤੇ ਆਰਜ਼ੀ ਪਖਾਨੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅੰਦੋਲਨ ਵਿਚ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁੱਪਏ ਦੀ ਵਿੱਤੀ ਸਹਾਇਤਾ ਦੇਣ ਦੀ ਵੀ ਗੱਲ ਕਰ ਰਹੀ ਹੈ।

ਬੀਜੇਪੀ ਲੀਡਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸਲ ਭੂਮਿਕਾ, ਗੁਰਦੁਆਰਿਆਂ ਦਾ ਪ੍ਰਬੰਧ ਵੇਖਣਾ ਹੈ। ਉਨ੍ਹਾਂ ਕਿਹਾ ਕਿ ਇਕ ਨਿਰੋਲ ਧਾਰਮਿਕ ਸੰਸਥਾ ਹੋਣ ਦੇ ਨਾਤੇ ਸ਼੍ਰੋਮਣੀ ਗੁਦਦੁਆਰਾ ਪ੍ਰਬੰਧਕ ਕਮੇਟੀ ਦਾ ਕਿਸਾਨ ਅੰਦੋਲਨ ਵਿਚ ਸਿੱਧੇ ਤੌਰ ’ਤੇ ਦਖਲ ਦੇਣਾ, ਜਿੱਥੇ ਵੱਖ-ਵੱਖ ਮਜਬਾਂ ਦੇ ਲੋਕ ਹਨ, ਮੈਂ ਸਮਝਦਾ ਹਾਂ ਕਿ ਸਿੱਖ ਗੁਰਦੁਆਰਾ ਐਕਟ 1925 ਅਤੇ ਪੰਜਾਬ ਐਕਟ 8 (1925) ਤਹਿਤ ਦਿੱਤੀ ਗਈ ਵਿਆਖਿਆ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰਾਂ ਕਰ ਕੇ ਆਪਣੇ ਅਧਿਕਾਰ ਖੇਤਰ ਦੀਆਂ ਹੱਦਾ ਹੀ ਪਾਰ ਨਹੀਂ ਕਰ ਰਹੀ ਸਗੋਂ ਕਿਸਾਨ ਅੰਦੋਲਨ ਨੂੰ ਇਕ ਫਿਰਕੂ ਰੰਗਤ ਦੇ ਰਹੀ ਹੈ, ਜੋ ਕਿ ਬੇਲੋੜੀ ਅਤੇ ਮੰਦਭਾਗੀ ਗੱਲ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਨੂੰ ਅਜਿਹੀਆ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਇੱਕ ਧਾਰਮਿਕ ਸੰਸਥਾ ਦਾ ਅਕਸ ਬਰਕਰਾਰ ਰੱਖਣ ਦੀ ਅਪੀਲ ਕੀਤੀ ਸੀ।

Comments are closed.