‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਬੀ ਜਗੀਰ ਕੌਰ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦੀ ਹੈ ਕਿ ਅੱਜ ਵੀ ਸਾਡਾ ਸਮਾਜ ਜਾਤ-ਪਾਤ, ਊਚ-ਨੀਚ ਦੇ ਕੋਹੜ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਿਆ। ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾਤ, ਨਸਲ, ਰੰਗ ਅਤੇ ਇਲਾਕਿਆਂ ਦੇ ਆਧਾਰ ‘ਤੇ ਵਿਤਕਰਿਆਂ ਦੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਚੁਣੌਤੀ ਦਾ ਮੁਕਾਬਲਾ ਗੁਰੂ-ਸਿਧਾਂਤਾਂ ਮੁਤਾਬਕ ਹੀ ਕੀਤਾ ਜਾ ਸਕਦਾ ਹੈ’।

ਉਨ੍ਹਾਂ ਕਿਹਾ ਕਿ ‘ਵਿਸ਼ਵ ਭਰ ਵਿੱਚ ਵਸਦੀ ਸਿੱਖ ਕੌਮ ਆਪਣੀ ਵੱਖਰੀ ਪਹਿਚਾਣ ਲਈ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਅੰਦਰ ਵਸਦੇ ਸਿੱਖਾਂ ਨੂੰ ਪਛਾਣ ਦੇ ਭੁਲੇਖੇ ਕਾਰਨ ਨਸਲੀ ਵਿਤਕਰਿਆਂ ਅਤੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ ਸਮਿਆਂ ਦੌਰਾਨ ਬਹੁਤ ਸਾਰੇ ਦੇਸ਼ਾਂ ਵਿੱਚ ਇਸੇ ਭੁਲੇਖੇ ਕਾਰਨ ਸਿੱਖਾਂ ‘ਤੇ ਕਾਤਲਾਨਾ ਹਮਲੇ ਹੋਏ ਹਨ ਅਤੇ ਕਈ ਥਾਈਂ ਗੁਰਦੁਆਰਾ ਸਾਹਿਬਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਅੱਜ ਦੀ ਇਹ ਇਤਿਹਾਸਕ ਇਕੱਤਰਤਾ ਦੇਸ਼-ਵਿਦੇਸ਼ ਵਿੱਚ ਵਸ ਰਹੇ ਸਿੱਖਾਂ ਪ੍ਰਤੀ ਹੋ ਰਹੇ ਵਰਤਾਰੇ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦੀ ਹੋਈ ਇਸਨੂੰ ਸਿੱਖ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦਿੰਦੀ ਹੈ’।

Leave a Reply

Your email address will not be published. Required fields are marked *