‘ਦ ਖ਼ਾਲਸ ਬਿਊਰੋ :- ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦਾ ਦਿੱਲੀ ਦੀਆਂ ਹੱਦਾਂ ’ਤੇ ਮੋਦੀ ਸਰਕਾਰ ਖਿਲਾਫ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਦਰਮਿਆਨ ਅੱਜ 26 ਦਸੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਵੱਖ-ਵੱਖ ਪਿੰਡਾਂ ਵਿੱਚੋਂ ਸੈਂਕੜੇ ਕਿਸਾਨਾਂ ਦੇ ਕਾਫ਼ਲੇ ਟਰੈਕਟਰ-ਟਰਾਲੀਆਂ ਅਤੇ ਬੱਸਾਂ ਰਾਹੀਂ ਦਿੱਲੀ ਵੱਲ ਰਵਾਨਾ ਹੋਏ ਹਨ। ਜ਼ਿਲੇ ਭਰ ਵਿੱਚੋਂ 80 ਦੇ ਕਰੀਬ ਟਰੈਕਟਰ ਟਰਾਲੀਆਂ ਅਤੇ ਬੱਸਾਂ ਰਾਹੀਂ ਕਿਸਾਨਾਂ ਵਲੋਂ ਦਿੱਲੀ ਮੋਰਚੇ ਲਈ ਰਵਾਨਗੀ ਪਾਈ ਗਈ।

ਇਸ ਮੌਕੇ ਗੱਲਬਾਤ ਕਰਦੇ ਕਿਸਾਨ ਆਗੂ ਦਰਸ਼ਨ ਸਿੰਘ, ਕਰਨੈਲ ਸਿੰਘ ਥਿੰਦ, ਜਗਤਾਰ ਸਿੰਘ ਚੀਮਾ, ਸੰਦੀਪ ਕੌਰ ਪੱਤੀ, ਗੁਰਪ੍ਰੀਤ ਸਿੰਘ ਕਾਲਾ ਨੇ ਕਿਹਾ ਕਿ ਦਿੱਲੀ ਵਿਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਲਗਾਤਾਰ ਇੱਕ ਮਹੀਨਾ ਬੀਤ ਗਿਆ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਅਜੇ ਵੀ ਬੁਲੰਦ ਹਨ। ਏਨੀ ਕੜਕਦੀ ਠੰਡ ਵਿੱਚ ਘਰ ਬਾਰ ਛੱਡ ਕੇ ਦਿੱਲੀ ਜਾਣਾ ਸਾਡਾ ਕੋਈ ਸ਼ੌਂਕ ਨਹੀਂ ਹੈ, ਬਲਕਿ ਮੋਦੀ ਸਰਕਾਰ ਵਲੋਂ ਖੇਤੀ ਵਿਰੋਧੀ ਬਣਾਏ ਕਾਨੂੰਨਾਂ ਕਾਰਨ ਘਰਾਂ ਤੋਂ ਬਾਹਰ ਨਿਕਲ ਕੇ ਗੁਜਾਰਨੀਆਂ ਪੈ ਰਹੀਆਂ ਹਨ। ਸਰਕਾਰ ਨੂੰ ਇਹ ਭੁਲੇਖਾ ਕੱਢ ਲੈਣਾ ਚਾਹੀਦਾ ਹੈ ਕਿ ਕਿਸਾਨ ਧਰਨੇ ਲਗਾ ਕੇ ਵਾਪਸ ਘਰਾਂ ਨੂੰ ਪਰਤ ਜਾਣਗੇ।

ਕਿਸਾਨਾਂ ਨੇ ਕਿਹਾ ਕਿ ਜਿਹੜੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਭਕਾਰੀ ਦੱਸ ਰਹੀ ਸੀ। ਉਹੀ ਸਰਕਾਰ ਹੁਣ ਇਹਨਾਂ ਕਾਨੂੰਨਾਂ ਵਿੱਚ ਖਾਮੀਆਂ ਦੀ ਗੱਲ ਮੰਨ ਰਹੀ ਹੈ ਅਤੇ ਸੋਧਾਂ ਕਰਨ ਲਈ ਤਿਆਰ ਹੋ ਗਈ ਹੈ। 90 ਫ਼ੀਸਦੀ ਕਿਸਾਨਾਂ ਦੀ ਜਿੱਤ ਹੋ ਚੁੱਕੀ ਹੈ ਅਤੇ 100 ਫ਼ੀਸਦੀ ਜਿੱਤ ਵੀ ਨਜ਼ਦੀਕ ਹੀ ਹੈ। ਦਿੱਲੀ ਨੂੰ ਜਾਣ ਵਾਲੇ ਇਹ ਕਾਫ਼ਿਲੇ ਦਿਨੋਂ ਦਿਨ ਵਧਦੇ ਜਾਣਗੇ। ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਨਾਂ ਸਮਾਂ ਉਹ ਦਿੱਲੀ ਤੋਂ ਵਾਪਸ ਪਰਤਣ ਵਾਲੇ ਨਹੀਂ ਹਨ।

Leave a Reply

Your email address will not be published. Required fields are marked *