Punjab

ਕਿਸਾਨਾਂ ਦੇ ਭਾਰਤ ਬੰਦ ਨੂੰ ਪੰਜਾਬ ਸਣੇ ਚੰਡੀਗੜ੍ਹ ਤੇ ਮੁਹਾਲੀ ਵਿੱਚ ਭਰਵਾਂ ਸਮਰਥਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਨੂੰ ਭਰਵਾਂ ਹੁੰਘਾਰਾ ਮਿਲਿਆ ਹੈ। ਮੁਹਾਲੀ ਵਿੱਚ ਨਿੱਜਰ ਚੌਕ, ਕੇਐਫਸੀ ਲਾਗੇ ਨਿਊ ਸਨੀ ਐਨਕਲੇਵ, ਛੱਜੂ ਮਾਜਰਾ ਦੇ ਅੰਦਰੂਨੀ ਰਸਤਿਆਂ, ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ, ਏਅਰਪੋਰਟ ਰੋਡ ਉੱਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਸੜਕਾਂ ਬੰਦ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਮੁਹਾਲੀ 7 ਫੇਜ, ਥ੍ਰੀ-ਬੀ ਟੂ ਤੋਂ ਇਲਾਵਾ ਛੇ ਫੇਸ ਤੇ ਦਾਰਾ ਸਟੂਡਿਓ ਵਾਲੇ ਚੌਕ ਉੱਤੇ ਵੀ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।

‘ਦ ਖ਼ਾਲਸ ਟੀਵੀ ਦੀ ਭਾਰਤ ਬੰਦ ਦੇ ਪੂਰੇ ਦਿਨ ਦੀ ਖਾਸ ਕਵਰੇਜ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਦੌਰਾਨ ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਧਰਨਾ ਪ੍ਰਦਰਸ਼ਨ ਦੌਰਾਨ ਮੁਹਾਲੀ ਐਕਸ-ਸਰਵਿਸ ਮੈਨ ਵੱਲੋਂ ਬਕਾਇਦਾ ਪੋਸਟਰ ਫੜ੍ਹ ਕੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੀਡੀਆ ਨੂੰ ਆਪਣੇ ਹੱਥਾਂ ਵਿੱਚ ਲੈਣ ਤੋਂ ਬਾਅਦ ਹੀ ਗੋਦੀ ਮੀਡੀਆ ਹੋਂਦ ਵਿੱਚ ਆਇਆ ਹੈ। ਇਹੀ ਕਾਰਣ ਹੈ ਕਿ ਅਡਾਨੀ ਦੀ ਬੰਦਰਗਾਹ ਤੋਂ ਫੜ੍ਹੀ ਗਈ ਕਰੋੜਾਂ ਰੁਪਏ ਦੀ ਹੈਰੋਇਨ ਮੀਡੀਆ ਵਿੱਚ ਆਮ ਖਬਰ ਵਾਂਗ ਚੱਲੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ, ਸਗੋਂ ਇਸ ਲੜਾਈ ਵਿੱਚ ਸਾਰਿਆਂ ਦਾ ਸ਼ਾਮਿਲ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਨੀਤੀਆਂ ਬਣਾ ਰਹੀ ਹੈ ਤੇ ਇਸ ਨਾਲ ਆਮ ਵਰਗ ਦਾ ਮੰਦਾ ਹਾਲ ਹੈ।

ਸੋਹਾਣਾ ਨੇੜੇ ਏਅਰਪੋਰਟ ਉੱਤੇ ਭਾਰਤ ਬੰਦ ਦੇ ਸਮਰਥਨ ਵਿਚ ਲਗਾਏ ਧਰਨੇ ਦੌਰਾਨ ਬੱਚੇ, ਬਜੁਰਗਾਂ ਤੇ ਨੌਜਵਾਨਾਂ ਵੱਲੋਂ ਵੱਡੇ ਪੱਧਰ ਉੱਤੇ ਸ਼ਮੂਲੀਅਤ ਕੀਤੀ ਗਈ ਸੀ। ਇਸ ਦੌਰਾਨ ਰੋਕਣ ਉੱਤੇ ਲੋਕਾਂ ਵਲੋਂ ਕੋਈ ਵਿਰੋਧ ਵੀ ਨਹੀਂ ਸੀ ਕੀਤਾ ਜਾ ਰਿਹਾ, ਸਗੋਂ ਲੋਕਾਂ ਵੱਲੋਂ ਕਿਹਾ ਗਿਆ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਚਾਹੇ ਜਿੰਨਾ ਚਿਰ ਮਰਜ਼ੀ ਇਹ ਬੰਦ ਦੀ ਕਾਲ ਚੱਲਦੀ ਰਹੇ।

ਹਾਲਾਂਕਿ ਨਾਕਿਆਂ ਉੱਤੇ ਲੋਕਾਂ ਨੂੰ ਰੋਕ ਰਹੇ ਨੌਜਵਾਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ਹਦਾਇਤਾਂ ਉਨ੍ਹਾਂ ਦੇ ਧਿਆਨ ਵਿੱਚ ਹਨ ਤੇ ਉਸ ਮੁਤਾਬਿਕ ਅਤੀ ਜਰੂਰੀ ਲੋੜਾਂ ਵਾਲੇ ਲੋਕਾਂ ਨੂੰ ਹਰ ਹੀਲੇ ਨਾਕੇ ਚੋਂ ਗੁਜਰਨ ਦਿੱਤਾ ਜਾ ਰਿਹਾ ਹੈ।