Punjab

ਮਜੀਠੀਆ ਨੂੰ ਚੰਨੀ ਨੇ ਬਚਾਇਆ ਹੈ, ਪਰਚਾ ਤਾਂ ਸਿਰਫ ਡਰਾਮਾ ਸੀ-ਭਗਵੰਤ ਮਾਨ

‘ਦ ਖ਼ਾਲਸ ਬਿਊਰੋ : ਪੰਜਾਬ ਆਪ ਆਗੂ ਭਗਵੰਤ ਮਾਨ ਨੇ ਕਾਨਕਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਦੇ ਆਗੂ ਮਜੀਠੀਆ ‘ਤੇ ਝੂਠਾ ਕੇਸ ਪਵਾ ਕੇ ਉਸਨੂੰ ਜ਼ਮਾਨਤ ਕਰਾਉਣ ਦਾ ਮੌਕਾ ਦਿੱਤਾ ਹੈ।  ਇਸਦੇ ਨਾਲ ਉਨ੍ਹਾਂ ਨੇ ਰਾਜਾ ਵੜਿੰਗ ‘ਤੇ  ਤੰਦ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਬਿਨਾ ਕਿਸੇ ਸਬੂਤ ਤੋਂ ਬਾਦਲਾਂ ਦੀਆਂ ਬੱਸਾਂ ਨੂੰ ਜਬਤ ਕੀਤਾ ਪਰ ਬਾਅਦ ਵਿੱਚ ਅਦਾਲਤ ਨੇ ਸਾਰੀਆਂ  ਬੱਸਾ ਦੇ ਪਰਮਿਟ ਲਾਗੂ ਕਰ ਦਿੱਤੇ। ਮਾਨ ਨ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਜੋ ਵੀ ਕੰਮ ਕਰਦੀ ਹੈ ਉਹ ਬਿਨਾ ਕਿਸੇ ਸਬੂਤ ਤੋਂ ਅਤੇ ਕੱਚੇ ਪੈਰੀ ਕਰਦੀ ਹੈ ਭਾਵੇਂ ਉਹ ਬੱਸਾਂ ਨੂੰ ਜਬਤ ਕਰਨ ਦਾ ਮਾਮਲਾ ਹੋਵੇ ਜਾਂ ਮਜੀਠੀਆ ਉੱਤੇ ਕੇਸ ਕਰਨ ਦਾ ਮਾਮਲਾ ਹੋਵੇ। ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ 111 ਦਿਨ ਸਰਕਾਰ ਨਹੀ ਬਲਕਿ ਸਰਕਸ ਚਲਾਈ ਹੈ ਕਿਉਕਿ ਪੰਜਾਬ ਕਾਂਗਰਸ ਪਾਰਟੀ ਨੇ ਤਿੰਨ ਮਹੀਨਿਆਂ ਵਿੱਚ ਚਾਰ ਡੀਜੀਪੀ ਰੈਂਕ ਦੇ ਅਫ਼ਸਰਾਂ ਦੀ ਬਦਲੀ ਅਤੇ ਦੋ ਐਡਵੋਕੇਟ ਜਰਨਲਾਂ ਬਦਲੀ ਕਰਵਾਈ  ਜੋ ਕਿ ਇੱਕ ਕਮਜ਼ੋਰ ਸਰਕਾਰ ਨੂੰ ਦਰਸਾਉਦੀ ਹੈ। ਮਾਨ ਨੇ ਕਾਂਗਰਸ ਪਾਰਟੀ ਦੀ ਤੁਲਣਾ ਮੁਹੱਲੇ ਦੀ ਕ੍ਰਿਕਟ ਟੀਮ ਦੇ ਨਾਲ ਕੀਤੀ ਹੈ ਕਿਉਕਿ ਕੇਂਦਰ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ‘ਤੇ ਧਿਆਨ ਮਾਰਨਾ ਛੱਡ ਦਿੱਤਾ ਹੈ । ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਮੁੱਢ ਤੋਂ ਹੀ ਕਾਂਗਰਸ ਸਰਕਾਰ ’ਤੇ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਬਚਾਉਣ ਦੇ ਦੋਸ਼ ਲਾਉਂਦੀ ਆ ਰਹੀ ਹੈ।

ਮਾਨ ਨੇ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ’ਤੇ ਉਚ ਪੱਧਰੀ ਕਮੇਟੀ ਵੱਲੋਂ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਇਸ ਜਾਂਚ ਰਿਪੋਰਟ ਵਿੱਚ ਅਕਾਲੀ ਆਗੂ ਦਾ ਨਾਂਅ ਬੋਲਦਾ ਸੀ, ਪਰ ਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਈ ਠੋਸ ਕਾਰਵਾਈ ਕੀਤੀ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਵਿੱਚ ਵੀ ਨਸ਼ਾ ਤਸਕਰਾਂ ਖਿਲਾਫ਼ ਮਿਸਾਲੀ ਕਾਰਵਾਈ ਕਰਨ ਦੇ ਨਾਲ- ਨਾਲ ਲਿਫ਼ਾਫੇ ’ਚ ਬੰਦ ਪਈ ਨਸ਼ਾ ਤਸਕਰੀ ਜਾਂਚ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਤਾਂ ਜੋ ਨਸ਼ੇ ਦਾ ਵੱਡੇ ਤਸਕਰ ਅਕਾਲੀ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾ ਨੇੜੇ ਆਉਂਦੀਆਂ ਦੇਖ ਭਾਂਵੇਂ ਚੰਨੀ ਸਰਕਾਰ ਨੇ ਚੋਣ ਸਟੰਟ ਕਰਦੇ ਹੋਏ ਜਾਣਬੁੱਝ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਕਮਜ਼ੋਰ ਐਫ.ਆਈ.ਆਰ ਕੀਤੀ ਸੀ ਤਾਂ ਜੋ ਜ਼ਮਾਨਤ ਮਿਲ ਜਾਵੇ। ਭਗਵੰਤ ਮਾਨ ਨੇ ਕਾਂਗਰਸ ‘ਤੇ ਦੋ ਸ਼ ਲਗਾਉਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਐਫ਼.ਆਈ.ਆਰ ਦਰਜ ਹੋਣ ਦੇ 20- 22 ਦਿਨ ਬੀਤਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਕਾਫ਼ੀ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਮੋਹਾਲੀ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜੀ ਖ਼ਾਰਜ ਕਰ ਦਿੱਤੀ ਗਈ ਸੀ। ਉੁਨ੍ਹਾਂ ਦਾਅਵਾ ਕੀਤਾ ਕਿ ਬਿਕਰਮ ਮਜੀਠੀਆ ਖ਼ਿਲਾਫ਼ ਐਫ਼.ਆਈ.ਆਰ ਕਾਂਗਰਸ ਪਾਰਟੀ ਵੱਲੋਂ ਬਾਦਲ- ਮਜੀਠੀਆ ਪਰਿਵਾਰ ਨਾਲ ਹੋਈ ‘ਡੀਲ’ ਦਾ ਹਿੱਸਾ ਹੈ। ਮਾਨ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ’ਚੋਂ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਤੋਂ ਭੱਜੇ ਕਾਂਗਰਸੀ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ। ਜਨਤਾ ਦੀ ਕਚਿਹਰੀ ਵਿੱਚ ਸਾਰੇ ਕਾਂਗਰਸੀਆਂ ਨੂੰ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਉਸੇ ਤਰ੍ਹਾਂ ਹਿਸਾਬ ਦੇਣਾ ਪਵੇਗਾ, ਜਿਵੇਂ ਬਾਦਲ ਐਂਡ ਪਾਰਟੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ 10 ਸਾਲਾਂ ਮਾਫੀਆ ਰਾਜ ਬਾਰੇ ਪੁੱਛਿਆ ਜਾ ਰਿਹਾ ਹੈ।