India Punjab

ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈ। ਸਰਕਾਰਾਂ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਇਸ਼ਤਿਹਾਰ ਛਾਪੇ ਜਾ ਰਹੇ ਹਨ। ਦਿੱਲੀ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਤ ਕੀਤੇ ਵੱਡੇ ਇਸ਼ਤਿਹਾਰਾਂ ਵਿੱਚ ਭਗਤ ਸਿੰਘ ਦੀ ਨਕਲੀ ਤਸਵੀਰ ਛਾਪਣ ਦਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਜੇਐੱਨਯੂ ਦੇ ਸਾਬਕਾ ਪ੍ਰੋਫੈਸਰ ਅਤੇ ਆਨਰੇਰੀ ਐਡਵਾਈਜ਼ਰ ਭਗਤ ਸਿੰਘ ਆਰਕਾਈਵਜ਼ ਐਂਡ ਰਿਸੋਰਸ ਸੈਂਟਰ, ਦਿੱਲੀ ਆਰਕਾਈਵਜ਼ (Archieves) ਪ੍ਰੋ. ਚਮਨ ਲਾਲ ਨੇ ਕਿਹਾ ਹੈ ਕਿ ਭਗਤ ਸਿੰਘ ਦੀ ਪੀਲੀ ਦਸਤਾਰ ਵਾਲੀ ਜੋ ਤਸਵੀਰ ਛਾਪੀ ਗਈ ਹੈ, ਗਲਤ ਹੈ, ਕਿਉਂਕਿ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪੀਲੀ ਦਸਤਾਰ ਨਹੀਂ ਸਜਾਈ। ਉਹਨਾਂ ਨੇ ਸਿਰਫ ਖਾਦੀ ਦਾ ਕੁੜਤਾ ਪਜਾਮਾ ਪਾਇਆ ਤੇ ਦਸਤਾਰ ਜਾਂ ਟੋਪੀ ਸਿਰਫ ਕ੍ਰਾਂਤੀਕਾਰੀ ਮਕਸਦਾਂ ਵਾਸਤੇ ਪਾਈ ਸੀ।

ਉਹਨਾਂ ਕਿਹਾ ਕਿ ਹਰ ਨਾਗਰਿਕ ਦੀ ਮੰਗ ਹੈ ਕਿ ਕੌਮਾਂਤਰੀ ਕ੍ਰਾਂਤੀਕਾਰੀ ਹੀਰੋ ਭਗਤ ਸਿੰਘ ਦੀ ਨਕਲੀ ਪੇਂਟਿੰਗ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸਿਰਫ਼ ਅਸਲੀ ਤੇ ਚੰਗੀਆਂ ਤਸਵੀਰਾਂ ਜਿਹਨਾਂ ਵਿੱਚ ਉਹਨਾਂ ਚਿੱਟੀ ਦਸਤਾਰ ਸਜਾਈ ਹੈ ਜਾਂ ਟੋਪੀ ਪਾਈ ਹੈ, ਉਹੀ ਵਰਤੀਆਂ ਜਾਣਗੀਆਂ ਚਾਹੀਦੀਆਂ ਹਨ। ਭਗਤ ਸਿੰਘ ਦੀ ਅਸਲ ਸਰੀਰਕ ਤਸਵੀਰ ਦੀ ਪਵਿੱਤਰਤਾ ਕਾਇਮ ਰਹਿਣੀ ਚਾਹੀਦੀ ਹੈ ਤੇ ਸੌੜੇ ਸਿਆਸੀ ਹਿੱਤਾਂ ਲਈ ਇਹਨਾਂ ਨੂੰ ਤੋੜ ਮਰੋੜ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ।